Bye-Bye 2021 | ਨਵਾਂ ਸਾਲ ਸ਼ੁਰੂ ਹੋਣ ‘ਚ ਥੋੜ੍ਹਾ ਹੀ ਸਮਾਂ ਬਚਿਆ ਹੈ। ਅਜਿਹੇ ਮੌਕੇ ‘ਤੇ ਪੂਰੀ ਦੁਨੀਆਂ 2021 ਦਾ ਜਸ਼ਨ ਮਨਾ ਰਹੀ ਹੈ ਤੇ ਆਉਣ ਵਾਲੇ ਸਾਲ ਦੇ ਸਵਾਗਤ ਦੀ ਤਿਆਰੀ ਕਰ ਰਹੀ ਹੈ।
ਸਾਲ 2021 ਦੇ ਅੰਤ ਦੇ ਨਾਲ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਛੱਡ ਕੇ ਇਨ੍ਹਾਂ ਯਾਦਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਹਾਲਾਂਕਿ ਇਹ ਸਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੇ ਕਿਸਾਨ ਅੰਦੋਲਨ ਵਰਗੀਆਂ ਘਟਨਾਵਾਂ ਕਾਰਨ ਬਹੁਤ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਲ 2021 ਕੁਝ ਵੱਡੇ ਸਿਆਸੀ ਘਟਨਾਕ੍ਰਮ ਦਾ ਗਵਾਹ ਵੀ ਰਿਹਾ।
ਆਓ ਜਾਣਦੇ ਹਾਂ ਇਸ ਸਾਲ ਯਾਦ ਰੱਖਣ ਵਾਲੀਆਂ ਅਜਿਹੀਆਂ ਵੱਡੀਆਂ ਘਟਨਾਵਾਂ ਬਾਰੇ –
ਬੰਗਾਲ ਚੋਣਾਂ ਤੋਂ ਬਾਅਦ ਭੜਕੀ ਹਿੰਸਾ
ਇਸ ਸਾਲ ਕਈ ਅਹਿਮ ਸਿਆਸੀ ਘਟਨਾਵਾਂ ਵਾਪਰੀਆਂ ਪਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਹਾਰ ਨੂੰ ਇਸ ਸਾਲ ਦੀ ਵੱਡੀ ਸਿਆਸੀ ਘਟਨਾ ਮੰਨਿਆ ਜਾ ਸਕਦਾ ਹੈ।
ਪੱਛਮੀ ਬੰਗਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ। ਹਾਲਾਂਕਿ ਚੋਣ ਨਤੀਜਿਆਂ ਤੋਂ ਬਾਅਦ ਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਸੱਤਾ ‘ਚ ਵਾਪਸੀ ਤੋਂ ਬਾਅਦ ਸੂਬੇ ‘ਚ ਹਿੰਸਾ ਭੜਕ ਗਈ।
ਵਿਰੋਧੀ ਧਿਰ ਦਾ ਮੰਨਣਾ ਹੈ ਕਿ ਇਸ ਪਿੱਛੇ ਸੱਤਾਧਾਰੀ ਪਾਰਟੀ ਦਾ ਹੱਥ ਸੀ, ਜਦਕਿ ਟੀਐੱਮਸੀ ਨੇ ਕਿਹਾ ਕਿ ਇਹ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਵਿਰੋਧੀ ਧਿਰ ਦੀ ਸਾਜ਼ਿਸ਼ ਸੀ।
ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਹਿੰਸਾ
ਪਿਛਲੇ ਇਕ ਸਾਲ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ 26 ਜਨਵਰੀ 2021 ਨੂੰ ਟਰੈਕਟਰ ਮਾਰਚ ਕੱਢਿਆ ਸੀ ਪਰ ਇਸ ਮਾਰਚ ਦੌਰਾਨ ਹੀ ਹਿੰਸਾ ਭੜਕ ਗਈ।
ਪ੍ਰਦਰਸ਼ਨ ਦੌਰਾਨ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਇੰਨੇ ਹਿੰਸਕ ਹੋ ਗਏ ਕਿ ਉਹ ਪੁਲਿਸ ਬੈਰੀਕੇਡਿੰਗ ਤੋੜ ਕੇ ਲਾਲ ਕਿਲੇ ਦੇ ਉਪਰ ਪਹੁੰਚ ਗਏ ਤੇ ਉਥੇ ਧਾਰਮਿਕ ਝੰਡੇ ਲਹਿਰਾ ਦਿੱਤੇ।
ਕੋਵਿਡ ਤੇ ਆਕਸੀਜਨ ਸੰਕਟ ਦੀ ਦੂਜੀ ਲਹਿਰ
ਕੋਰੋਨਾ ਦੀ ਦੂਜੀ ਲਹਿਰ ਦਾ ਦੌਰ ਬਹੁਤ ਮੁਸ਼ਕਿਲ ਸੀ। ਦੂਜੀ ਲਹਿਰ ਦੇ ਦੌਰਾਨ ਬਹੁਤ ਸਾਰੇ ਲੋਕ ਸੰਕਰਮਿਤ ਹੋ ਗਏ ਅਤੇ ਸਾਹ ਲੈਣ ‘ਚ ਮੁਸ਼ਕਿਲ ਕਾਰਨ ਹਸਪਤਾਲ ‘ਚ ਦਾਖਲ ਹੋ ਰਹੇ ਸਨ। ਹਸਪਤਾਲ ਦੇ ਬਾਹਰ ਲੱਗੀ ਮਰੀਜ਼ਾਂ ਦੀ ਲਾਈਨਾਂ ਦੇ ਦ੍ਰਿਸ਼ ਸ਼ਾਇਦ ਹੀ ਕੋਈ ਭੁੱਲ ਸਕੇ।
ਇਸ ਦੇ ਨਾਲ ਹੀ ਲੋਕਾਂ ਨੂੰ ਆਕਸੀਜਨ ਸਿਲੰਡਰਾਂ ਲਈ ਕਾਫੀ ਭਟਕਣਾ ਪਿਆ। ਹਾਲਾਂਕਿ ਕੇਂਦਰ ਅਨੁਸਾਰ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਇਕ ਵੀ ਜਾਨ ਨਹੀਂ ਗਈ।
ਦਿਲੀਪ ਕੁਮਾਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਇਸ ਸਾਲ ਜੁਲਾਈ ਦੀ ਸ਼ੁਰੂਆਤ ‘ਚ ਯਾਨੀ 7 ਜੁਲਾਈ ਨੂੰ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦਿਲੀਪ 98 ਸਾਲ ਦੀ ਉਮਰ ‘ਚ ਕਈ ਬੀਮਾਰੀਆਂ ਤੋਂ ਪੀੜਤ ਸਨ।
ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਈ ਸਾਲਾਂ ਤੱਕ ਦਲੀਪ ਦੀ ਦੇਖਭਾਲ ਕੀਤੀ। ਦਿਲੀਪ ਕੁਮਾਰ ਨੇ ਬਾਲੀਵੁੱਡ ਨੂੰ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ।
ਓਲੰਪਿਕ ‘ਚ ਭਾਰਤ ਨੂੰ ਮਿਲਿਆ ਸੋਨ ਤਮਗਾ
ਇਸ ਸਾਲ ਟੋਕੀਓ ‘ਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਇਕ ਸੋਨ ਤਮਗਾ, 2 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ। ਇਸ ਮੁਕਾਬਲੇ ‘ਚ ਨੀਰਜ ਚੋਪੜਾ ਨੇ ਇਤਿਹਾਸ ਰਚਦਿਆਂ ਜੈਵਲਿਨ ਥ੍ਰੋ ‘ਚ ਸੋਨ ਤਮਗਾ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ 41 ਸਾਲਾਂ ਬਾਅਦ ਹਾਕੀ ਵਿੱਚ ਕੋਈ ਤਮਗਾ ਜਿੱਤਿਆ।
ਕਿਸਾਨਾਂ ਦੀ ਘਰ ਵਾਪਸੀ
ਇਹ ਸਾਲ ਇਸ ਲਈ ਖਾਸ ਹੈ ਕਿਉਂਕਿ ਇਸ ਸਾਲ ਦੇ ਅੰਤ ਵਿੱਚ 378 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਖਤਮ ਹੋ ਗਿਆ ਸੀ। 11 ਦਸੰਬਰ ਨੂੰ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ ਕਿਸਾਨਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਨੇ ਇਸ ਦਿਨ ਨੂੰ ਵਿਜੇ ਦਿਵਸ ਵਜੋਂ ਮਨਾਇਆ।
ਹਰਨਾਜ਼ ਸਿੰਧੂ ਬਣੀ ਮਿਸ ਯੂਨੀਵਰਸ
ਇਸ ਸਾਲ ਦਸੰਬਰ ਦੇ ਮਹੀਨੇ ਭਾਰਤ ਨੂੰ ਪੂਰੇ 2 ਦਹਾਕਿਆਂ ਯਾਨੀ 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਦਿੱਤਾ ਗਿਆ। ਦਰਅਸਲ ਇਸ ਸਾਲ 21 ਸਾਲਾ ਹਰਨਾਜ਼ ਨੇ ਇਹ ਤਾਜ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਸਾਲ 2000 ‘ਚ ਲਾਰਾ ਦੱਤਾ ਮਿਸ ਯੂਨੀਵਰਸ ਬਣੀ ਸੀ ਅਤੇ ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ ਇਹ ਖਿਤਾਬ ਜਿੱਤਿਆ ਸੀ।
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਪ੍ਰਸ਼ੰਸਕ ਸਦਮੇ ‘ਚ
ਬਾਲੀਵੁੱਡ ਅਦਾਕਾਰ ਅਤੇ ਬਿੱਗ ਬੌਸ ਤੋਂ ਬਾਅਦ ਸਭ ਦੇ ਦਿਲਾਂ ‘ਚ ਵਸਣ ਵਾਲੇ ਸਿਧਾਰਥ ਸ਼ੁਕਲਾ ਦਾ ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ।
ਬਿੱਗ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ ਦੀ 2 ਸਤੰਬਰ 2021 ਨੂੰ 40 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਧਾਰਥ-ਸ਼ਹਿਨਾਜ਼ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।
CDS ਬਿਪਿਨ ਰਾਵਤ ਦਾ ਦਿਹਾਂਤ
ਸਾਲ ਦੇ ਅੰਤ ‘ਚ 8 ਦਸੰਬਰ ਨੂੰ ਭਾਰਤ ਦੇ ਪਹਿਲੇ ਸੀਡੀਐੱਸ ਬਿਪਿਨ ਰਾਵਤ ਦੀ ਇਕ ਦਰਦਨਾਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਇਸ ਘਟਨਾ ‘ਚ ਭਾਰਤ ਦੇ ਪਹਿਲੇ ਸੀਡੀਐੱਸ ਤੇ ਉਸ ਦੀ ਪਤਨੀ ਸਮੇਤ 14 ਜਵਾਨ ਸ਼ਹੀਦ ਹੋ ਗਏ ਸਨ।
ਲਖੀਮਪੁਰ ਖੀਰੀ ਮਾਮਲਾ
ਜਦੋਂ ਵੀ ਕਿਸਾਨ ਅੰਦੋਲਨ ਨੂੰ ਯਾਦ ਕੀਤਾ ਜਾਵੇਗਾ, ਲਖੀਮਪੁਰ ਖੀਰੀ ਕਾਂਡ ਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ ਜ਼ਰੂਰ ਨਮ ਹੋ ਜਾਣਗੀਆਂ। ਦਰਅਸਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਜੀਪ ਚੜ੍ਹਾ ਦਿੱਤੀ ਗਈ ਸੀ।
ਇਸ ਘਟਨਾ ‘ਚ 4 ਕਿਸਾਨਾਂ ਦੀ ਜਾਨ ਚਲੀ ਗਈ ਸੀ। ਹਾਲ ਹੀ ‘ਚ ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਦੋਸ਼ੀ ਬਣਾਇਆ ਗਿਆ ਹੈ।