ਫਤਿਹਗੜ੍ਹ ਸਾਹਿਬ| ਫਤਿਹਗੜ੍ਹ ਸਾਹਿਬ ਪੁਲਿਸ ਨੇ 24 ਘੰਟਿਆਂ ਵਿੱਚ ਇੱਕ ਔਰਤ ਦੇ ਕਤਲ ਦੀ ਕੋਸ਼ਿਸ਼ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਅਮੀਰ ਬਣਨ ਲਈ ਨਹਿਰ ਨੇੜੇ ਔਰਤ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਉਸ ਦੀ ਗਰਦਨ ‘ਤੇ ਛੁਰੇ ਨਾਲ ਹਮਲਾ ਕੀਤਾ ਅਤੇ ਉਸ ਨੂੰ ਮਰਿਆ ਸਮਝ ਕੇ ਸੁੱਟ ਦਿੱਤਾ।

ਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਫਤਿਹਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਇਹ ਘਟਨਾ 19 ਅਪ੍ਰੈਲ ਦੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਅੱਧਖੜ ਉਮਰ ਦੀ ਔਰਤ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਹੈ।

ਸੀ.ਆਈ.ਏ ਸਰਹਿੰਦ ਦੀ ਟੀਮ ਨੇ ਸਾਂਝੇ ਤੌਰ ‘ਤੇ ਜਾਂਚ ਕੀਤੀ ਅਤੇ ਕੁਝ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ਼ ਜੱਸੀ ਵਾਸੀ ਪਿੰਡ ਫ਼ਿਰੋਜ਼ਪੁਰ (ਫ਼ਤਿਹਗੜ੍ਹ ਸਾਹਿਬ) ਨੂੰ ਥਾਣਾ ਅਮਲੋਹ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਆਈਜੀ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਪਿੰਡ-ਪਿੰਡ ਜਾ ਕੇ ਸਾਈਕਲ ਸ਼ੋਅ ਕਰਦੇ ਸਨ। ਕਰੀਬ 18 ਮਹੀਨੇ ਪਹਿਲਾਂ ਉਨ੍ਹਾਂ ਨੇ ਮਹਿਲਾ ਬਲਵੀਰ ਕੌਰ ਦੇ ਪਿੰਡ ਫਰੌਰ ਵਿੱਚ ਸਾਈਕਲ ਸ਼ੋਅ ਕੀਤਾ ਸੀ। ਜਿੱਥੋਂ ਉਸ ਦੀ ਬਲਵੀਰ ਕੌਰ ਦੇ ਲੜਕੇ ਧਰਮਪ੍ਰੀਤ ਨਾਲ ਦੋਸਤੀ ਹੋ ਗਈ ਅਤੇ ਉਸ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ।

18 ਅਪ੍ਰੈਲ ਨੂੰ ਬਲਵੀਰ ਕੌਰ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨਾਲ ਮੋਟਰਸਾਈਕਲ ’ਤੇ ਫਿਰੋਜ਼ਪੁਰ ਪਿੰਡ ਇੱਕ ਤਾਂਤਰਿਕ ਕੋਲ ਜਾ ਰਹੀ ਸੀ। ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਦੁਪਹਿਰ 3 ਵਜੇ ਦੇ ਕਰੀਬ ਬਲਵੀਰ ਕੌਰ ਨੂੰ ਨਹਿਰ ਦੀ ਪਟੜੀ ‘ਤੇ ਲੈ ਗਏ ਅਤੇ ਉਸ ਦੇ ਸਿਰ ‘ਤੇ ਦਾਤ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਮਰ ਚੁੱਕੀ ਸਮਝ ਕੇ ਭੱਜ ਗਏ।

ਆਈਜੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਉਰਫ਼ ਜੱਸੀ ਇੱਕ ਤਾਂਤਰਿਕ ਨੂੰ ਮਿਲਣ ਆਉਂਦੇ ਸਨ, ਜੋ ਉਨ੍ਹਾਂ ਨੂੰ ਕਹਿੰਦਾ ਸੀ ਕਿ ਜੇਕਰ ਉਹ ਕਿਸੇ ਔਰਤ ਦੀ ਬਲੀ ਦੇਣਗੇ ਤਾਂ ਉਹ ਬਹੁਤ ਅਮੀਰ ਹੋ ਜਾਣਗੇ। ਉਨ੍ਹਾਂ ਨੂੰ ਦਿਹਾੜੀ ਕਰਨ ਦੀ ਲੋੜ ਨਹੀਂ ਪਵੇਗੀ, ਉਨ੍ਹਾਂ ਦੀਆਂ ਫੈਕਟਰੀਆਂ ਬਣ ਜਾਣਗੀਆਂ। ਦੋਵਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹੁਣ ਪੁਲਿਸ ਤਾਂਤਰਿਕ ਦੀ ਭਾਲ ਕਰ ਰਹੀ ਹੈ।