ਤਰਨਤਾਰਨ | ਥਾਣਾ ਸਿਟੀ ਦੀ ਪੁਲਸ ਨੇ ਪੁਲਸ ਦੇ ਨਾਂ ‘ਤੇ ਪੈਸੇ ਲੈ ਕੇ ਕੇਸ ਵਿਚੋਂ ਬਾਹਰ ਕੱਢਵਾਉਣ ਦੇ ਨਾਂ ‘ਤੇ ਠੱਗੀ ਮਾਰਨ ਵਾਲੀ ਔਰਤ ਨੂੰ ਕੀਤਾ ਕਾਬੂ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਹਰਵਿੰਦਰ ਕੌਰ ਅਤੇ ਰਾਜਵਿੰਦਰ ਸਿੰਘ ਉਰਫ ਰਾਜੂ ਜਿਨ੍ਹਾਂ ਵੱਲੋਂ ਇਕ ਗਿਰੋਹ ਬਣਾਇਆ ਹੋਇਆ ਸੀ ਅਤੇ ਇਹ ਗਿਰੋਹ ਉਨ੍ਹਾਂ ਵਿਅਕਤੀਆਂ ਨਾਲ ਠੱਗੀ ਮਾਰਦਾ ਸੀ, ਜਿਨ੍ਹਾਂ ‘ਤੇ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾਂਦੇ ਸਨ ਅਤੇ ਇਹ ਦੋਵੇਂ ਜਾਣੇ ਉਨ੍ਹਾਂ ਤੋਂ ਇਹ ਕਹਿ ਕੇ ਮੋਟੀ ਰਕਮ ਵਸੂਲਦੇ ਸਨ ਕਿ ਉਨ੍ਹਾਂ ਨੂੰ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਵਿਚੋਂ ਉਹ ਪੁਲਸ ਦੇ ਉੱਚ ਅਫਸਰਾਂ ਨਾਲ ਗੱਲ ਕਰ ਕੇ ਬਾਹਰ ਕੱਢਵਾ ਦੇਣਗੇ।

ਐਸ.ਐਚ.ਓ. ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਪੱਟੀ ਦੇ ਹੀ ਰਹਿਣ ਵਾਲੇ ਰਾਜਨ ਜੈਨ ਦੇ ਖਿਲਾਫ ਐਨਡੀਪੀਸੀ ਐਕਟ ਦਾ ਮੁਕੱਦਮਾ ਦਰਜ ਕੀਤਾ ਸੀ ਅਤੇ ਜਦ ਇਨ੍ਹਾਂ ਦੋਵਾਂ ਜਣਿਆਂ ਨੂੰ ਪਤਾ ਲੱਗਾ ਕਿ ਰਾਜਨ ਜੈਨ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਇਹ ਦੋਵੇਂ ਰਾਜਨ ਜੈਨ ਦੀ ਮਾਂ ਕੋਲ ਗਏ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਰਾਜਨ ਜੈਨ ਨੂੰ ਉੱਚ ਅਫ਼ਸਰਾਂ ਨਾਲ ਗੱਲ ਕਰ ਕੇ ਮੁਕੱਦਮੇ ਵਿਚੋਂ ਬਾਹਰ ਕਢਵਾ ਦੇਣਗੇ। ਤੁਸੀਂ ਸਾਨੂੰ 60 ਹਜ਼ਾਰ ਰੁਪਏ ਦੇ ਦਿਓ । ਰਾਜਨ ਜੈਨ ਦੀ ਮਾਂ ਇਨ੍ਹਾਂ ਦੀਆਂ ਗੱਲਾਂ ਵਿਚ ਆ ਗਈ ਅਤੇ ਇਨ੍ਹਾਂ ਦੋਵਾਂ ਜਣਿਆਂ ਨੂੰ ਰਾਜਨ ਜੈਨ ਦੀ ਮਾਂ ਨੇ 45 ਹਜ਼ਾਰ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਉਸ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਰਾਜਨ ਜੈਨ ਦੀ ਮਾਂ ਨੇ ਡੀ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਕਾਰਵਾਈ ਕਰਦੇ ਹੋਏ ਡੀ.ਐਸ.ਪੀ. ਪੱਟੀ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਹੈ ਇਨ੍ਹਾਂ ਦੋਵਾਂ ਉਪਰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਤੋਂ ਬਾਅਦ ਮਾਮਲਾ ਦਰਜ ਕਰ ਕੇ ਠੱਗੀ ਮਾਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਅਤੇ ਦੂਜੇ ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ।