ਲੁਧਿਆਣਾ, 15 ਨਵੰਬਰ | ਨਾਜਾਇਜ਼ ਸਬੰਧਾਂ ‘ਚ ਅੜਿੱਕਾ ਬਣੇ ਵਿਅਕਤੀ ਦਾ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਦੋਸ਼ੀਆਂ ਨੇ ਦੀਵਾਲੀ ਵਾਲੇ ਦਿਨ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋਂ ਸਾਰੇ ਲੋਕ ਪਟਾਕੇ ਚਲਾ ਰਹੇ ਸਨ ਤਾਂ ਮੁਲਜ਼ਮਾਂ ਨੇ ਉਸ ਨੂੰ ਬਿਜਲੀ ਦਾ ਕਰੰਟ ਦੇ ਕੇ ਮਾਰ ਦਿੱਤਾ, ਜਿਸ ਨਾਲ ਉਸ ਦੀ ਚੀਕਾਂ ਦੀ ਆਵਾਜ਼ ਪਟਾਕਿਆਂ ਦੀ ਆਵਾਜ਼ ਹੇਠ ਦੱਬ ਗਈ।

ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ‘ਚ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਜ਼ਿਲੇ ਦੇ ਰਹਿਣ ਵਾਲੇ ਮ੍ਰਿਤਕ ਵਿਨੋਦ ਦੇ ਭਰਾ ਮਨੋਜ ਰਾਮ ਦੀ ਸ਼ਿਕਾਇਤ ‘ਤੇ ਵਿਨੋਦ ਦੀ ਪਤਨੀ ਰੰਜੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਗੋਪਾਲ ਕੁਮਾਰ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਇਲਾਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।

ਮਨੋਜ ਕੁਮਾਰ ਦੀ ਸ਼ਿਕਾਇਤ ਅਨੁਸਾਰ ਉਸ ਦੇ ਭਰਾ ਵਿਨੋਦ ਦਾ ਵਿਆਹ 2003 ਵਿੱਚ ਮੁਲਜ਼ਮ ਰੰਜੀਤਾ ਨਾਲ ਹੋਇਆ ਸੀ। ਦੋਵੇਂ ਭੋਲਾ ਕਲੋਨੀ ਇਲਾਕੇ ‘ਚ ਰਹਿੰਦੇ ਸਨ। ਇਸ ਦੌਰਾਨ ਰੰਜੀਤਾ ਦਾ ਗੋਪਾਲ ਨਾਲ ਪ੍ਰੇਮ ਸਬੰਧ ਬਣ ਗਿਆ। ਵਿਨੋਦ ਨੂੰ ਇਸ ਗੱਲ ਦਾ ਪਤਾ ਲੱਗਾ ਜਿਸ ਕਾਰਨ ਉਹ ਛੇ ਮਹੀਨਿਆਂ ਤੋਂ ਪ੍ਰੇਸ਼ਾਨ ਸੀ। ਵਿਨੋਦ ਨੇ ਇਸ ਬਾਰੇ ਆਪਣੇ ਭਰਾ ਨਾਲ ਵੀ ਗੱਲ ਕੀਤੀ ਸੀ ਤਾਂ ਜੋ ਉਹ ਰੰਜੀਤਾ ਨੂੰ ਸਮਝਾ ਸਕੇ। ਦੀਵਾਲੀ ਦੀ ਰਾਤ ਇਸ ਗੱਲ ਨੂੰ ਲੈ ਕੇ ਵਿਨੋਦ ਅਤੇ ਰੰਜੀਤਾ ਵਿਚਾਲੇ ਫਿਰ ਝਗੜਾ ਹੋ ਗਿਆ।

ਇਸ ਦੌਰਾਨ ਰੰਜੀਤਾ ਨੇ ਮੁਲਜ਼ਮ ਗੋਪਾਲ ਕੁਮਾਰ ਨੂੰ ਫੋਨ ਕੀਤਾ ਅਤੇ ਤਿੰਨਾਂ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਵਿਨੋਦ ਨੂੰ ਬਿਜਲੀ ਦਾ ਕਰੰਟ ਲਗਾ ਕੇ ਮਾਰ ਦਿੱਤਾ। ਦੋਸ਼ੀਆਂ ਨੇ ਦੀਵਾਲੀ ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਜੋ ਵਿਨੋਦ ਦੀਆਂ ਚੀਕਾਂ ਦੀ ਆਵਾਜ਼ ਪਟਾਕਿਆਂ ਨਾਲ ਡੁੱਬੀ ਜਾ ਸਕੇ। ਟਿੱਬਾ ਥਾਣੇ ਦੇ ਐਸਐਚਓ ਲਵਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਇਲਾਕੇ ‘ਚੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।