ਨਵੀਂ ਦਿੱਲੀ | ਅਗਲੇ ਕੁਝ ਦਿਨਾਂ ‘ਚ ਬਿਜਲੀ ਦੀ ਕਟੌਤੀ ਹੋ ਸਕਦੀ ਹੈ ਕਿਉਂਕਿ ਦੇਸ਼ ਵਿੱਚ ਕੋਲੇ ਦਾ ਭੰਡਾਰ ਸਿਰਫ 4 ਦਿਨ ਦਾ ਬਾਕੀ ਹੈ। ਭਾਰਤ ‘ਚ ਬਿਜਲੀ ਉਤਪਾਦਨ ਲਈ ਕੋਲਾ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਊਰਜਾ ਮੰਤਰਾਲੇ ਮੁਤਾਬਕ ਕੋਲਾ ਅਧਾਰਿਤ ਬਿਜਲੀ ਉਤਪਾਦਨ ਕੇਂਦਰਾਂ ‘ਚ ਕੋਲੇ ਦਾ ਭੰਡਾਰ ਬਹੁਤ ਘੱਟ ਗਿਆ ਹੈ।

ਦੇਸ਼ ਵਿੱਚ 70 ਫੀਸਦੀ ਬਿਜਲੀ ਉਤਪਾਦਨ ਕੋਲੇ ਰਾਹੀਂ ਕੀਤਾ ਜਾਂਦਾ ਹੈ। ਊਰਜਾ ਮੰਤਰਾਲੇ ਮੁਤਾਬਕ ਇਸ ਪਿੱਛੇ ਮੁੱਖ ਕਾਰਨ ਕੋਲੇ ਦੇ ਉਤਪਾਦਨ ਤੇ ਆਯਾਤ ਵਿੱਚ ਆ ਰਹੀਆਂ ਸਮੱਸਿਆਵਾਂ ਹਨ।

ਦੇਸ਼ ਦੇ ਕੁੱਲ 135 ਥਰਮਲ ਪਾਵਰ ਪਲਾਂਟਾਂ ਵਿੱਚੋਂ 72 ਕੋਲ ਕੋਲੇ ਦਾ ਭੰਡਾਰ 3 ਦਿਨਾਂ ਤੋਂ ਵੀ ਘੱਟ ਦਾ ਬਾਕੀ ਹੈ, ਜਦੋਂਕਿ 50 ਪਾਵਰ ਪਲਾਂਟ ਹਨ, ਜਿੱਥੇ 4 ਤੋਂ 10 ਦਿਨਾਂ ਲਈ ਕੋਲੇ ਦਾ ਭੰਡਾਰ ਹੈ, ਜਦੋਂਕਿ ਇੱਥੇ ਸਿਰਫ 13 ਪਲਾਂਟ ਹਨ, ਜਿੱਥੇ ਕੋਲਾ 10 ਦਿਨਾਂ ਤੋਂ ਵੱਧ ਸਮੇਂ ਲਈ ਬਾਕੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਖਾਣਾਂ ਵਿੱਚ ਪਾਣੀ ਭਰ ਜਾਣ ਕਰਕੇ ਕੋਲਾ ਨਹੀਂ ਕੱਢਿਆ ਜਾ ਰਿਹਾ। ਪਾਵਰ ਸਟੇਸ਼ਨਾਂ ਵਿੱਚ ਜਿੱਥੇ ਕੋਲੇ ਦਾ ਭੰਡਾਰ ਘੱਟ ਹੈ, ਇਸ ਦੇ ਨਾਲ ਹੀ ਉਤਪਾਦਨ ਘਟਾ ਦਿੱਤਾ ਗਿਆ ਹੈ ਤਾਂ ਜੋ ਯੂਨਿਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਲੋੜ ਨਾ ਪਵੇ।

ਕੋਲੇ ਦੀਆਂ ਕੀਮਤਾਂ ਵੱਧ ਗਈਆਂ ਹਨ ਤੇ ਆਵਾਜਾਈ ਠੱਪ ਹੋ ਗਈ ਹੈ। ਇਹ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਕਾਰਨ ਆਉਣ ਵਾਲੇ ਸਮੇਂ ਵਿੱਚ ਦੇਸ਼ ਅੰਦਰ ਬਿਜਲੀ ਸੰਕਟ ਹੋ ਸਕਦਾ ਹੈ ਤੇ ਲੋਕ ਬਿਜਲੀ ਕੱਟਾਂ ਦੀ ਲਪੇਟ ਵਿੱਚ ਆ ਸਕਦੇ ਹਨ।