ਬੀਤੀ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਪੰਜਾਬ ਦੇ ਮੌਸਮ ਵਿਚ ਇਕਦਮ ਬਦਲਾਅ ਲਿਆ ਗਿਆ ਹੈ। ਤਾਪਮਾਨ ਵਿਚ ਕਾਫੀ ਕਮੀ ਦੇਖੀ ਗਈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਨਾਲ ਠੰਡ ਵਧਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ IMD ਨੇ 15 ਤੇ 16 ਅਕਤੂਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਵਿੱਚ ਦੇਸ਼ ਦੇ ਉੱਤਰ-ਪੱਛਮੀ ਅਤੇ ਮੱਧ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਇਹ ਇਸ ਸੀਜ਼ਨ ਦੀ ਪਹਿਲੀ ਤੀਬਰ ਪੱਛਮੀ ਗੜਬੜ ਹੈ ਅਤੇ ਇਸ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਵੇਗੀ। ਸੋਮਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ ਸਣੇ ਉਤਰਾਖੰਡ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਅਜਿਹਾ ਪੱਛਮੀ ਗੜਬੜ ਕਾਰਨ ਹੋ ਰਿਹਾ ਹੈ ਤੇ ਇਹ 17 ਅਕਤੂਬਰ ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਨੂੰ ਪ੍ਰਭਾਵਿਤ ਕਰੇਗੀ। ਸੋਮਵਾਰ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਨਤੀਜੇ ਵਜੋਂ ਖੇਤਰ ਵਿੱਚ 17 ਅਕਤੂਬਰ ਤੋਂ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਅੰਦਰ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।