ਚੰਡੀਗੜ੍ਹ| ਸੋਸ਼ਲ ਮੀਡੀਆ ਤੋਂ ਹਥਿਆਰਾਂ ਨਾਲ ਫੋਟੋਆਂ ਹਟਾਉਣ ਦੀ 72 ਘੰਟਿਆਂ ਦੀ ਸਮਾਂ ਸੀਮਾ ਹੁਣ ਖਤਮ ਹੋ ਗਈ ਹੈ। ਪੁਲਿਸ ਦੇ ਡਰ ਕਾਰਨ ਕਈ ਲੋਕਾਂ ਅਤੇ ਆਗੂਆਂ ਨੇ ਆਪ ਹੀ ਆਪਣੇ ਫੋਟੋ ਹਟਾ ਲਏ ਪਰ ਜਦੋਂ ਸੋਸ਼ਲ ਮੀਡੀਆ ‘ਤੇ ਕੁਝ ਮਸ਼ਹੂਰ ਗੈਂਗਸਟਰਾਂ ਅਤੇ ਗਾਇਕਾਂ ਦੇ ਪੇਜ ਸਰਚ ਕੀਤੇ ਗਏ ਤਾਂ ਪਤਾ ਲੱਗਾ ਕਿ 72 ਘੰਟੇ ਦਾ ਅਲਟੀਮੇਟਮ ਖਤਮ ਹੋ ਗਿਆ ਹੈ ਪਰ ਹਥਿਆਰਾਂ ਵਾਲੇ ਗੈਂਗਸਟਰਾਂ ਅਤੇ ਗਾਇਕਾਂ ਦੀਆਂ ਫੋਟੋਆਂ ਨਹੀਂ ਹਟਾਈਆਂ ਗਈਆਂ। ਪੰਜਾਬ ਦੇ 3 ਵੱਡੇ ਗੈਂਗਸਟਰ ਵਿੱਕੀ ਗੌਂਡਰ, ਦਵਿੰਦਰ ਬੰਬੀਹਾ, ਸੁੱਖਾ ਕਾਹਲਵਾਂ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਵੀ ਵਿੱਕੀ ਗੌਂਡਰ ਦੇ 41, ਬੰਬੀਹਾ ਦੇ 38 ਅਤੇ ਕਾਹਲਵਾਂ ਦੇ 49 ਪੇਜ ਸਰਗਰਮ ਹਨ। ਇਸੇ ਤਰ੍ਹਾਂ ਜੱਗੂ ਭਗਵਾਨਪੁਰੀਆ ਜੇਲ੍ਹ ਵਿੱਚ ਹੈ। ਇਸ ਦੇ 55 ਪੇਜ ਸਰਗਰਮ ਹਨ।

ਲਾਡੀ ਬਰਾੜ ਅਮਰੀਕਾ ਵਿੱਚ ਹੈ, ਉਸ ਦੇ ਵੀ 10 ਤੋਂ ਵੱਧ ਪੇਜ ਹਨ। ਇਨ੍ਹਾਂ ਪੰਜਾਂ ਗੈਂਗਸਟਰਾਂ ਦੀਆਂ ਜ਼ਿਆਦਾਤਰ ਆਈਡੀਜ਼ ਹਥਿਆਰਾਂ ਦੀਆਂ ਹਨ। ਇਸੇ ਤਰ੍ਹਾਂ 3 ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ, ਅੰਮ੍ਰਿਤ ਮਾਨ ਅਤੇ ਮਨਕੀਰਤ ਔਲਖ ਦੇ ਪੇਜਾਂ ਤੋਂ ਹਥਿਆਰਾਂ ਵਾਲੀਆਂ ਪੋਸਟਾਂ ਨੂੰ ਨਹੀਂ ਹਟਾਇਆ ਗਿਆ ਹੈ। ਇਸ ਤੋਂ ਇਲਾਵਾ ਫੇਸਬੁੱਕ ‘ਤੇ ‘ਗੈਂਗਸਟਰ ਗਰੁੱਪ’ ਨਾਂ ਦਾ ਪੇਜ ਵੀ ਹੈ। ਇਸ ਪੇਜ ਆਈਡੀ ਵਿੱਚ ਇੱਕ ਫੋਟੋ ਹੈ ਜਿਸ ਵਿੱਚ ਇੱਕ ਪਿਸਤੌਲ ਹੈ। ਹਥਿਆਰ ਖਰੀਦਣ ਲਈ ਪੇਜ ਦੇ ਅੰਦਰ ਇੱਕ ਵਟਸਐਪ ਨੰਬਰ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਆਲ ਇੰਡੀਆ ਡਲਿਵਰੀ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 13 ਨਵੰਬਰ ਨੂੰ ਗੰਨ ਕਲਚਰ ਨੂੰ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਸੀ, ਜਿਸ ਤਹਿਤ ਸੂਬੇ ‘ਚ ਅਗਲੇ ਤਿੰਨ ਮਹੀਨਿਆਂ ਲਈ ਨਵੇਂ ਲਾਇਸੈਂਸ ਜਾਰੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।