ਅੰਮ੍ਰਿਤਸਰ, 29 ਅਕਤੂਬਰ| ਅੰਮ੍ਰਿਤਸਰ ਵਿਚ ਫੌਜ ਦੀਆਂ ਗੁਪਤ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਣ ਵਾਲੇ ਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਪੁਲਿਸ ਨੇ ਜਾਂਚ ਦੇ ਬਾਅਦ ਦੋਸ਼ੀ ਨੂੰ ਆਫੀਸ਼ੀਅਲ ਸੀਕਰੇਟ ਐਕਟ 1923 ਦੀ ਧਾਰਾ ਤਹਿਤ ਕੇਸ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਛੇਹਰਟਾ ਦੀ ਭੱਲਾ ਕਾਲੋਨੀ ਦਾ ਰਹਿਣ ਵਾਲਾ ਹੈ।

ਸੈਨਾ ਤੇ ਬੀਐਸਐਫ ਦੀ ਵਰਦੀ ਸਿਊਂਦਾ ਸਿਊਂਦਾ ਬਣ ਗਿਆ ਜਾਸੂਸ
ਦੀਪ ਸਿੰਘ ਉਰਫ ਦੀਪ ਆਰਮੀ ਕੈਂਟ ਦੇ ਸਾਹਮਣੇ ਸੰਨੀ ਟੇਲਰ ਨਾਂ ਦੀ ਦੁਕਾਨ ਚਲਾਉਂਦਾ ਸੀ। ਉਹ ਆਪਣੀ ਦੁਕਾਨ ਉਤੇ ਜ਼ਿਆਦਾਤਰ ਭਾਰਤੀ ਸੈਨਾ ਤੇ ਬੀਐਸਐਫ ਦੀਆਂ ਵਰਦੀਆਂ ਹੀ ਸਿਊਂਦਾ ਹੁੰਦਾ ਸੀ। ਉਸ ਕੋਲ ਵਰਦੀਆਂ ਸਿਊਣ ਸੈਨਾ ਦੇ ਜਵਾਨ ਆਉਂਦੇ ਸਨ।
ਉਹ ਉਨ੍ਹਾਂ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਨਾਲ ਸੁਣਦਾ ਹੁੰਦਾ ਸੀ।

ਸ਼ੇਰਸ਼ਾਹ ਸੂਰੀ ਰੋਡ ਉਤੇ ਸਥਿਤ ਰਾਧਾ ਸਵਾਮੀ ਡੇਰੇ ਕੋਲ ਟੇਲਰ ਦੀ ਦੁਕਾਨ ਕਰਦੇ ਕਰਦੇ ਦੋਸ਼ੀ ਪਾਕਿਸਤਾਨ ਦਾ ਜਾਸੂਸ ਬਣ ਗਿਆ। ਆਪਣੇ ਕੋਲ ਆਉਣ ਵਾਲੇ ਫੌਜੀਆਂ ਲੋਕੇਸ਼ਨ ਤੇ ਅਧਿਕਾਰੀਆਂ ਦੀ ਜਾਣਕਾਰੀ ਹਾਸਲ ਕਰਦਾ। ਇਸਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ਦੀ ਜਾਣਕਾਰੀ ਵੀ ਹਾਸਲ ਕਰਦਾ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਭੇਜਦਾ ਸੀ। ਇਸਦੇ ਬਦਲੇ ਪਾਕਿਸਤਾਨ ਤੋਂ ਉਸਦੇ ਖਾਤੇ ਵਿਚ ਪੈਸੇ ਭੇਜੇ ਜਾਂਦੇ ਸਨ। ਪੁਲਿਸ ਨੇ ਉਸਦੇ ਖਾਤਿਆਂ ਨੂੰ ਵੀ ਖੰਗਾਲਿਆ ਹੈ।

ਮੋਬਾਈਲ ਤੋਂ ਮਿਲੇ ਪਾਕਿਸਤਾਨੀ ਸਮੱਗਲਰਾਂ ਦੇ ਨੰਬਰ
ਮਕਬੂਲਪੁਰਾ ਥਾਣੇ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦੋਸ਼ੀ ਦੀਪੂ ਪਾਕਿਸਤਾਨ ਦੇ ਕੁਝ ਲੋਕਾਂ ਨਾਲ ਦੇਸ਼ ਦੀਆਂ ਜਾਣਕਾਰੀਆਂ ਸਾਂਝੀਆਂ ਕਰਦਾ ਹੈ। ਜਾਂਚ ਪੜਤਾਲ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ।