ਸੰਗਰੂਰ, 21 ਦਸੰਬਰ| ਸੰਗਰੂਰ ਦੇ ਭਵਾਨੀਗੜ੍ਹ ਤੋਂ ਬੜੀ ਦਰਦਨਾਕ ਤੇ ਹੈਰਾਨ ਕਰਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਕਲਯੁੱਗੀ ਪੁੱਤ ਨੇ ਆਪਣੇ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਸੁੱਤੇ ਪਏ ਪਿਤਾ ਨੂੰ ਕੁਹਾੜੀ ਨਾਲ ਵੱਢ ਕੇ ਮਾਰ ਦਿਤਾ। ਘਟਨਾ ਬਟਰਿਆਣਾ ਪਿੰਡ ਦੀ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਥਾਣੇ ਦੇ ਮੁਖੀ ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਆਪਣੇ ਘਰ ਸੁੱਤਾ ਪਿਆ ਸੀ, ਰਾਤ ਕਰੀਬ 2 ਵਜੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਪਿਤਾ ’ਤੇ ਕੁਹਾੜੀ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮੁਲਜ਼ਮ ਮਨਪ੍ਰੀਤ ਸਿੰਘ ਦਾ ਆਪਣੀ ਪਤਨੀ ਨਾਲ ਕੁਝ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ ਤੇ ਤਲਾਕ ਦਾ ਕਾਰਨ ਉਹ ਆਪਣੇ ਪਿਤਾ ਨੂੰ ਮੰਨਦਾ ਸੀ। ਇਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਚਰਨਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਨਾਲ ਹੀ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।