ਜਲੰਧਰ | ਇਥੋਂ ਦੀ ਮਸ਼ਹੂਰ ਕਿਤਾਬਾਂ ਦੀ ਮਾਰਕੀਟ ਮਾਈ ਹੀਰਾ ਗੇਟ ਦੇ ਪ੍ਰਧਾਨ ਦੀਪਕ ਜੋਸ਼ੀ ਨਾਲ ਥਾਣਾ ਨੰ. 3 ਦੇ ਐਸਐਚਓ ਕਮਲਜੀਤ ਸਿੰਘ ਵਲੋਂ ਦੁਰਵਿਵਹਾਰ ਕਰਨ ਤੇ ਉਸ ਖਿਲਾਫ ਪਰਚਾ ਦਰਜ ਕਰਨ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਧਰਨਾ ਦਿੱਤਾ ਅਤੇ ਦੁਕਾਨਾਂ ਦੀਆਂ ਚਾਬੀਆਂ ਕਮਿਸ਼ਨਰ ਨੂੰ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹੁਣ ਦੁਕਾਨਾਂ ਨਹੀਂ ਖੁਲ੍ਹਣਗੀਆਂ।

ਦੱਸਣਯੋਗ ਹੈ ਕਿ ਬੀਤੇ ਦਿਨ ਵੀ ਦੁਕਾਰਦਾਰਾਂ ਨੇ ਮਾਈ ਹੀਰਾ ਗੇਟ ਮਾਰਕੀਟ ਦੇ ਪ੍ਰਧਾਨ ਦੀਪਕ ਜੋਸ਼ੀ ਨਾਲ ਐਸਐਚਓ ਵਲੋਂ ਦੁਰਵਿਵਹਾਰ ਕਰਨ ਦੇ ਰੋਸ ਵਜੋਂ ਧਰਨਾ ਦਿੱਤਾ ਸੀ ਅਤੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਪੁਲਿਸ ਨੇ ਦੁਕਾਨਦਾਰਾਂ ਨੂੰ ਸਮਝਾਇਆ ਸੀ ਕਿ ਧਰਨਾ ਚੁੱਕ ਲਓ ਕਿਉਂਕਿ ਇਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਪਰ ਦੁਕਾਨਦਾਰ ਐਸਐਚਓ ਤੋਂ ਮੁਆਫੀ ਮੰਗਵਾਉਣ ‘ਤੇ ਅੜੇ ਰਹੇ, ਜਿਸ ਕਾਰਨ ਪੁਲਿਸ ਨੇ ਮਾਰਕੀਟ ਦੇ ਪ੍ਰਧਾਨ ਨੂੰ ਚੁੱਕ ਕੇ ਗੱਡੀ ‘ਚ ਪਾ ਲਿਆ ਅਤੇ ਥਾਣੇ ਲੈ ਗਈ, ਜਿਥੇ ਡੀਐਸਪੀ ਨੇ ਆ ਕੇ ਕਿਹਾ ਕਿ ਕੋਈ ਪਰਚਾ ਦਰਜ ਨਹੀਂ ਹੋਵੇਗਾ ਤੇ ਪ੍ਰਧਾਨ ਨੂੰ ਛੱਡ ਦਿੱਤਾ ਗਿਆ।

ਅੱਜ ਸਵੇਰੇ ਜਦੋਂ ਦੁਕਾਨਦਾਰਾਂ ਨੇ ਅਖਬਾਰਾਂ ‘ਚ ਪੜ੍ਹਿਆ ਕਿ ਥਾਣੇਦਾਰ ਨੇ ਮਾਰਕੀਟ ਪ੍ਰਧਾਨ ਕਮਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਬਾਕੀਆਂ ਦੀ ਸ਼ਨਾਖਤ ਕਰਨ ਦੀ ਗੱਲ ਕਹੀ ਹੈ ਤਾਂ ਦੁਕਾਨਦਾਰਾਂ ਨੇ ਫਿਰ ਦੁਕਾਨਾਂ ਬੰਦ ਕਰ ਕੇ ਥਾਣੇਦਾਰ ਖਿਲਾਫ ਅੱਡਾ ਹੁਸ਼ਿਆਰਪੁਰ ‘ਤੇ ਧਰਨਾ ਦਿੱਤਾ। ਦੁਕਾਨਦਾਰਾਂ ਨੇ ਕਿਹਾ ਕਿ ਐੱਸਐੱਚਓ ਨੇ ਪਰਚਾ ਕਿਉਂ ਦਰਜ ਕੀਤਾ ਹੈ, ਸਾਨੂੰ ਤਾਂ ਇਸ ਗੱਲ ਦਾ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਧਰਨਾ 5 ਵਜੇ ਤੱਕ ਜਾਰੀ ਰਹੇਗਾ ਅਤੇ ਬਾਅਦ ‘ਚ ਕਮਿਸ਼ਨਰ ਨੂੰ ਦੁਕਾਨਾਂ ਦੀਆਂ ਚਾਬੀਆਂ ਸੌਂਪ ਦਿੱਤੀਆਂ ਜਾਣਗੀਆਂ ਤੇ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਸਾਫ ਕਿਹਾ ਕਿ ਪੇਪਰ ਆਉਣ ਵਾਲੇ ਹਨ, ਬੱਚਿਆਂ ਦੇ ਫੇਲ ਹੋਣ ਦਾ ਕਾਰਨ ਐਸਐਚਓ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਐਸਐਚਓ ਦੀ ਇਥੋਂ ਦੀ ਬਦਲੀ ਕੀਤੀ ਜਾਵੇ।