ਜਲੰਧਰ (ਨਰਿੰਦਰ ਕੁਮਾਰ ਚੂਹੜ) | ਅੱਜ ਦੁਪਹਿਰ 12 ਵਜੇ ਦੇ ਕਰੀਬ ਨਕੋਦਰ, ਕਪੂਰਥਲਾ ਮੁੱਖ ਮਾਰਗ ਤੇ ਅੱਡਾ ਮੱਲ੍ਹੀਆਂ ਕਲਾਂ ਦੇ ਨਜ਼ਦੀਕ ਸਕੂਟਰੀ ਤੇ ਜਾ ਰਹੀ ਔਰਤ ਦੀਆਂ ਪਿੱਛੋਂ ਤੋਂ ਆ ਰਹੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੰਨਾਂ ਵਿੱਚ ਪਾਈਆ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਲੁਟੇਰਿਆਂ ਵੱਲੋਂ ਔਰਤ ਦੀ ਖਿੱਚਾਧੂਹੀ ਦੇ ਵਿਚ ਔਰਤ ਸੜਕ ਤੋਂ ਸੜਕ ਵਿੱਚ ਡਿੱਗ ਪਈ। ਜਿਸ ਦੇ ਸਿਰ ਅਤੇ ਮੂੰਹ ਤੇ ਕਾਫੀ ਸੱਟਾਂ ਲੱਗੀਆਂ ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਮੋਟਰਸਾਈਕਲ ਸਵਾਰ ਲੁਟੇਰੇ ਲੁੱਟ ਖੋਹ ਨੂੰ ਅੰਜਾਮ ਦਿੰਦੇ ਸੋਨੇ ਦੀਆਂ ਵਾਲੀਆਂ ਲਾਹ ਕੇ ਲੈ ਜਾਣ ਵਿੱਚ ਸਫ਼ਲ ਹੋ ਗਏ।

ਸੁਖਜਿੰਦਰ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਪਿੰਡ ਗਿੱਲ ਨੇ ਦੱਸਿਆ ਕਿ ਉਹ ਪਤੀ ਨਾਲ ਸਕੂਟਰੀ ‘ਤੇ ਪਿੰਡ ਤੋਂ ਹੇਰਾਂ ਵੱਲ ਨੂੰ ਰਿਸ਼ਤੇਦਾਰੀ ਵਿੱਚ ਅਫ਼ਸੋਸ ਕਰਨ ਲਈ ਜਾ ਰਹੇ ਸਨ। ਜਦੋਂ ਉਹ ਪਿੰਡ ਮੱਲ੍ਹੀਆਂ ਕਲਾਂ ਤੋਂ ਥੋੜਾ ਅੱਗੇ ਗਏ ਤਾਂ ਪਿੱਛੋਂ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਤੇ ਪਿੱਛੇ ਬੈਠੀ ਸੁਖਜਿੰਦਰ ਕੌਰ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਨਕੋਦਰ ਵੱਲ ਨੂੰ ਫ਼ਰਾਰ ਹੋ ਗਏ।

ਦੋਨੋਂ ਲੁਟੇਰੇ ਮੋਨੇ ਸਨ ਅਤੇ ਗਲੇ ਵਿੱਚ ਚਿੱਟੇ ਪਰਨੇ ਪਾਏ ਹੋਏ ਸਨ । ਖਿੱਚਾਧੂਹੀ ਵਿਚ ਔਰਤ ਸਕੂਟਰੀ ਤੋਂ ਥੱਲੇ ਸੜਕ ਤੇ ਡਿੱਗ ਪਈ ਜਿਸ ਨਾਲ ਉਸ ਦੇ ਮੱਥੇ ਅਤੇ ਮੂੰਹ ਤੇ ਗੰਭੀਰ ਸੱਟਾਂ ਲੱਗੀਆਂ। ਮੱਲ੍ਹੀਆਂ ਕਲਾਂ ਵਿਖੇ ਉਨ੍ਹਾਂ ਦੀ ਮੱਲ੍ਹਮ ਪੱਟੀ ਕਰਵਾਈ ਗਈ।

ਪੁਲਿਸ ਚੌਕੀ ਉੱਗੀ ਦੇ ਇੰਚਾਰਜ ਐੱਸ ਆਈ ਸਰਬਜੀਤ ਸਿੰਘ ਅਤੇ ਥਾਣਾ ਸਦਰ ਨਕੋਦਰ ਦੇ ਏ ਐਸ ਆਈ ਜਨਕ ਰਾਜ ਮੌਕੇ ਤੇ ਪਹੁੰਚੇ। ਪੁਲਿਸ ਚੌਕੀ ਉੱਗੀ ਅਧੀਨ ਇਹ ਏਰੀਆ ਨਾ ਆਉਣ ਦੇ ਬਾਵਜੂਦ ਵੀ ਐੱਸ ਆਈ ਸਰਬਜੀਤ ਸਿੰਘ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਮੌਕੇ ਤੇ ਘਟਨਾ ਸਥਾਨ ਤੇ ਪੁੱਜੇ ਪੁੱਲ ਤੋਂ ਅੱਗੇ ਇਹ ਏਰੀਆ ਥਾਣਾ ਸਦਰ ਨਕੋਦਰ ਦੇ ਅਧੀਨ ਆਉਦਾ ਹੈ। ਇਸ ਸੜਕ ‘ਤੇ ਰੋਜ਼ਾਨਾ ਹੀ ਨਕੋਦਰ ਪੁਲਿਸ ਦੀ ਗੱਡੀ ਗਸ਼ਤ ਕਰਦੀ ਰਹਿੰਦੀ ਹੈ ਪਰ ਫਿਰ ਵੀ ਵਾਰਦਾਤਾਂ ਠੱਲ੍ਹਣ ਦਾ ਨਾਮ ਹੀ ਨਹੀਂ ਲੈਂਦੀਆਂ।

ਥੋੜ੍ਹੇ ਦਿਨ ਪਹਿਲਾਂ ਹੀ ਇਸ ਥਾਂ ਤੋਂ ਥੋੜ੍ਹਾ ਜਿਹਾ ਅੱਗੇ ਜਹਾਂਗੀਰ ਅੱਡੇ ਦੇ ਨਜ਼ਦੀਕ ਵੀ ਇਕ ਜੋੜੇ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਸਨ।

ਮੋਟਰ ਸਾਈਕਲ ਸਵਾਰ ਇਹ ਸ਼ਾਤਰ ਲੁਟੇਰੇ ਨਿੱਤ ਦਿਨ ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਦੀ ਪਹੁੰਚ ਤੋਂ ਬਹੁਤ ਦੂਰ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ।