ਕਪੂਰਥਲਾ | ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ ਹੈ।

ਪਤਾ ਲੱਗਾ ਹੈ ਕਿ ਸਰਕਾਰੀ ਦਫਤਰਾਂ ਦੀ ਅਚਨਚੇਤ ਜਾਂਚ ਕਰਵਾਉਣ ਦੀ ਮੁਹਿੰਮ ਤਹਿਤ ਅੱਜ ਕਪੂਰਥਲਾ ਦੇ ਨਾਇਬ ਤਹਿਸੀਲਦਾਰ ਦਾ ਰੀਡਰ ਹਰਪ੍ਰੀਤ ਸਿੰਘ ਆਪਣੇ ਦਫ਼ਤਰ ਵਿੱਚ ਆਪਣੇ ਨਿੱਜੀ ਕਰਿੰਦੇ ਰਾਹੀਂ ਕੰਮ ਕਰਵਾਉਂਦਾ ਪਾਇਆ ਗਿਆ ।

ਭਰੋਸੇਯੋਗ ਸੂਤਰਾਂ ਮੁਤਾਬਕ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ , ਕਿ ਨਾਇਬ ਤਹਿਸੀਲਦਾਰ ਕਪੂਰਥਲਾ ਦੇ ਦਫ਼ਤਰ ਵਿਖੇ ਰੀਡਰ ਵਲੋਂ ਨਿੱਜੀ ਕਰਿੰਦੇ ਰਾਹੀਂ ਦਫ਼ਤਰ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਤੇ ਕਪੂਰਥਲਾ ਦੇ ਐਸ ਡੀ ਐਮ ਲਾਲ ਕੁਮਾਰ ਵਿਸ਼ਵਾਸ ਵੱਲੋਂ ਅਚਨਚੇਤ ਜਾਂਚ ਕੀਤੀ ਗਈ।

ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਇਹ ਦੋਸ਼ ਸਹੀ ਪਾਏ ਗਏ ਤੇ ਸ਼ਿਕਾਇਤ ਕਰਤਾ ਵੱਲੋਂ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ, ਜੋ ਕਿ ਉੱਚ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਹੈ।

ਸੂਤਰਾਂ ਮੁਤਾਬਿਕ ਜਿਲਾ ਪ੍ਰਸ਼ਾਸਨ ਵੱਲੋਂ ਸੰਬੰਧਿਤ ਰੀਡਰ ਕੋਲ਼ੋਂ ਸਾਰੇ ਕਾਰਜਭਾਰ ਵਾਪਸ ਲੈ ਲਏ ਗਏ ਹਨ ਤੇ ਕਰਮਚਾਰੀ ਵਿਰੁੱਧ ਅਹੁਦੇ ਦੀ ਦੁਰਵਰਤੋਂ ਕਰਨ , ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਿਲ ਹੋਣ , ਸਰਕਾਰੀ ਦਫ਼ਤਰ ਦੀ ਗੁਪਤਤਾ ਨੂੰ ਨਿੱਜੀ ਵਿਅਕਤੀ ਦੇ ਹੱਥਾਂ ਵਿਚ ਦੇਣ ਤਹਿਤ ਕਾਰਵਾਈ ਕਰਨ ਦੀ ਕਨਸੋਅ ਹੈ।

ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਵੀ ਮਾਮਲੇ ਦੀ ਵੱਖਰੇ ਤੌਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।