ਚੰਡੀਗੜ੍ਹ | ਪੰਜਾਬ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਦੀਆਂ ਵਧਣ ਦੇ ਮੱਦੇਨਜ਼ਰ ਸੂਬੇ ਦੇ ਮੱਛੀ ਪਾਲਕਾਂ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣ ਲਈ ਤਲਾਬਾਂ ਵਿਚ ਪਾਣੀ ਦਾ ਪੱਧਰ 6-7 ਫੁੱਟ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਮੱਛੀ ਨੂੰ ਠੰਡ ਦੀ ਮਾਰ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਤਾਪਮਾਨ ਅਨੁਸਾਰ ਮੱਛੀ ਦੀ ਖ਼ੁਰਾਕ ਵਧਾਉਣ-ਘਟਾਉਣ, ਜੈਵਿਕ ਖਾਦਾਂ ਦੀ ਵਰਤੋਂ ਘਟਾਉਣ/ਬੰਦ ਕਰਨ, ਸਵੇਰ ਦੇ ਸਮੇਂ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਤਲਾਅ ਵਿਚ ਤਾਜ਼ਾ ਪਾਣੀ/ਏਰੀਏਟਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

ਐਡਵਾਈਜ਼ਰੀ ਮੁਤਾਬਕ ਮੱਛੀ ਪਾਲਕਾਂ ਨੂੰ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਆਪਣੇ ਫ਼ਾਰਮਾਂ ‘ਤੇ ਲਾਜ਼ਮੀ ਤੌਰ ‘ਤੇ ਰੱਖਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਵਿਚ ਮੱਛੀ ਨੂੰ ਬੀਮਾਰੀ ਲੱਗਣ ਦੀ ਵਧੇਰੇ ਸੰਭਾਵਨਾ ਦੇ ਸਨਮੁਖ ਮੱਛੀ ਦੇ ਬਚਾਅ ਲਈ ਤਲਾਅ ਵਿਚ 400 ਮਿਲੀਲੀਟਰ ਪ੍ਰਤੀ ਏਕੜ ਸੀਫੈਕਸ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।