ਜਲੰਧਰ | ਮਾਡਲ ਟਾਊਨ ‘ਚ ਦੁਕਾਨਦਾਰ ਨੇ ਇਕ ਔਰਤ ਨੂੰ ਸਾਮਾਨ ਚੋਰੀ ਕਰਦੇ ਫੜਿਆ। ਫੜੀ ਗਈ ਔਰਤ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੱਸੀ ਜਾਂਦੀ ਹੈ। ਇਹ ਔਰਤ ਮਾਡਲ ਟਾਊਨ ਮਾਰਕੀਟ ਸਥਿਤ ਜੈਨ ਸੰਨਜ਼ ਵਿਖੇ ਖਰੀਦਦਾਰੀ ਕਰਨ ਆਈ ਸੀ। ਉਸ ਨੇ ਦੁਕਾਨ ਤੋਂ ਸਾਮਾਨ ਚੁੱਕ ਕੇ ਪਹਿਨੇ ਹੋਏ ਓਵਰਕੋਟ ਵਿੱਚ ਲੁਕਾ ਲਿਆ।

ਮਹਿਲਾ ਦੀ ਇਹ ਹਰਕਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਦੁਕਾਨਦਾਰ ਨੇ ਔਰਤ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਔਰਤ ਦੇ ਓਵਰਕੋਟ ਵਿੱਚ ਲੁਕਾਇਆ ਹੋਇਆ ਸਾਮਾਨ ਬਰਾਮਦ ਕਰ ਲਿਆ ਗਿਆ। ਫੜੇ ਜਾਣ ਤੋਂ ਬਾਅਦ ਵੀ ਔਰਤ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਚੋਰੀ ਉਸ ਨੇ ਕੀਤੀ ਹੈ। ਸਗੋਂ ਤਲਾਸ਼ੀ ਲੈਣ ’ਤੇ ਉਸ ਨੇ ਉਥੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ।

ਮਾਡਲ ਟਾਊਨ ਦੀ ਮਾਰਕੀਟ ਵਿੱਚ ਹੋਏ ਹਾਈਵੋਲਟੇਜ ਡਰਾਮੇ ਤੋਂ ਬਾਅਦ ਪੁਲਿਸ ਤਾਂ ਉੱਥੇ ਪੁੱਜੀ ਪਰ ਔਰਤ ਪੁਲਿਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੋਈ। ਕਿਸੇ ਤਰ੍ਹਾਂ ਪੁਲਿਸ ਔਰਤ ਨੂੰ ਥਾਣੇ ਲੈ ਗਈ। ਥਾਣੇ ਜਾ ਕੇ ਔਰਤ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਔਰਤ ਨੇ ਥਾਣੇ ਜਾ ਕੇ ਸਭ ਦੇ ਸਾਹਮਣੇ ਆਪਣੇ ਕੀਤੇ ਦੀ ਮੁਆਫੀ ਮੰਗੀ।