ਨਵੀਂ ਦਿੱਲੀ/ਚੰਡੀਗੜ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਕੋਲਾ ਤੇ ਖਣਜ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਸੰਸਦ ਭਵਨ ਵਿਖੇ ਅਤੇ ਕੇਂਦਰੀ ਬਿਜਲੀ, ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ ਨਾਲ ਇੱਥੇ ਮੀਟਿੰਗ ਕਰਕੇ ਪੰਜਾਬ ਦੇ ਬਿਜਲੀ ਨਾਲ ਸਬੰਧਤ ਮੁਦਿਆਂ ਅਤੇ ਚੱਲ ਰਹੇ ਕੋਲਾ ਸੰਕਟ ਨਾਲ ਜੁੜੇ ਸੂਬੇ ਦੇ ਸਰੋਕਾਰਾਂ ਬਾਰੇ ਗੱਲਬਾਤ ਕੀਤੀ।

ਆਪਣੀ ਇਸ ਪਲੇਠੀ ਮੀਟਿੰਗ ਦੌਰਾਨ ਪੰਜਾਬ ਦੇ ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ ਜਿਆਦਾ ਵੱਧ ਜਾਂਦੀ ਹੈ ਅਤੇ ਸੂਬੇ ਨੂੰ ਸਰਕਾਰ ਦੀ ਮਾਲਕੀ ਵਾਲੇ ਥਰਮਲ ਪਾਵਰ ਸਟੇਸ਼ਨਾਂ ਦੇ ਸਾਰੇ ਯੂਨਿਟ ਚਲਾਉਣੇ ਪੈਂਦੇ ਹਨ। ਉਨਾਂ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵੱਧ ਕੇ 15000 ਮੈਗਾਵਾਟ ਹੋਣ ਦੀ ਸੰਭਾਵਨਾ ਹੈ।

ਕੈਬਨਿਟ ਮੰਤਰੀ ਵੱਲੋਂ ਕੋਲੇ ਸਬੰਧੀ ਸਬ ਗਰੁੱਪ ਕਮੇਟੀ ਵੱਲੋਂ ਸੂਬੇ ਦੇ ਆਪਣੇ ਪਲਾਂਟਾਂ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੀਤੀ ਕੋਲੇ ਦੀ ਵੰਡ ਦੇ ਮੁਕਾਬਲੇ ਕੋਲੇ ਦੇ ਘੱਟ ਰੇਕਾਂ ਦੀ ਸਪਲਾਈ ਹੋਣ ਦਾ ਮੁੱਦਾ ਵੀ ਚੁੱਕਿਆ ਗਿਆ।

ਹਰਭਜਨ ਸਿੰਘ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਲੱਚਕਤਾ ਨੀਤੀ ਤਹਿਤ  20 ਲੱਖ ਮੀਟਿ੍ਰਕ ਟਨ ਵਾਧੂ ਕੋਲਾ ਸਰਕਾਰੀ ਖੇਤਰ ਦੇ ਪਲਾਂਟਾਂ ਲਈ ਅਲਾਟ ਕਰਨ ਅਤੇ  ਇਸ ਤੋਂ ਇਲਾਵਾ 30 ਲੱਖ ਮੀਟਿ੍ਰਕ ਟਨ ਵਾਧੂ ਕੋਲਾ ਅਲਾਟ ਕਰਨ ਦੀ ਮੰਗ ਕੀਤੀ ਜਿਸਨੂੰ ਪੀ.ਐੱਸ.ਪੀ.ਸੀ.ਐੱਲ ਰਾਹੀਂ ਪ੍ਰਾਈਵੇਟ ਪਲਾਂਟਾਂ ਨਾਭਾ ਪਾਵਰ ਲਿਮਿਟਡ ਅਤੇ ਤਲਵੰਡੀ ਸਾਬੋ ਪਾਵਰ ਲਿਮਿਟਡ ਨੂੰ ਟ੍ਰਾਂਸਫਰ ਕੀਤਾ ਜਾਵੇਗਾ।

ਹਰਭਜਨ ਸਿੰਘ ਨੇ ਬਿਜਲੀ ਸਬੰਧੀ ਮੁੱਦਿਆਂ ‘ਤੇ ਚਰਚਾ ਕਰਨ ਲਈ ਦਿੱਲੀ ਵਿਖੇ ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ.ਸਿੰਘ ਨਾਲ ਵੀ ਮੁਲਾਕਾਤ ਕੀਤੀ। ਉਨਾਂ ਕੇਂਦਰੀ ਬਿਜਲੀ ਮੰਤਰੀ ਨੂੰ ਦੱਸਿਆ ਕਿ ਦੇਸ ਵਿਆਪੀ ਕੋਲਾ ਸੰਕਟ ਕਾਰਨ ਪੰਜਾਬ ਦੇ ਪਾਵਰ ਪਲਾਂਟਾਂ ਨੂੰ ਆਗਾਮੀ ਝੋਨੇ ਦੇ ਸੀਜਨ-2022 ਦੌਰਾਨ ਕੋਲੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਵੇਗਾ।

ਉਨਾਂ ਕੇਂਦਰੀ ਬਿਜਲੀ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰੀ ਸੈਕਟਰ ਦੇ ਜਨਰੇਟਿੰਗ ਸਟੇਸਨਾਂ ਤੋਂ ਪੰਜਾਬ ਰਾਜ ਨੂੰ ਤੁਰੰਤ 1500 ਮੈਗਾਵਾਟ ਬਿਜਲੀ ਅਲਾਟ ਕਰਨ ਤਾਂ ਜੋ ਖੇਤੀਬਾੜੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਅਤੇ ਪੰਜਾਬ ਦੇ ਹੋਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਕੇਂਦਰੀ ਬਿਜਲੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦੀ ਘੋਖ ਕਰਨਗੇ ਅਤੇ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਬਿਜਲੀ ਮੁਹੱਈਆ ਕਰਵਾਉਣਗੇ।

ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਕੇਂਦਰੀ ਬਿਜਲੀ ਮੰਤਰੀ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਵੀ ਉਠਾਇਆ ਗਿਆ।