ਪਟਿਆਲਾ। ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦ ਵੇਚ ਦਾ ਕੰਮ ਕਰਨ ਵਾਲੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੋ ਨਵਜੰਮ ਬੱਚੇ, ਚਾਰ ਲੱਖ ਰੁਪਏ ਅਤੇ ਇੱਕ ਇਨੋਵਾ ਐਂਬੂਲੈਂਸ ਅਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਗੈਂਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਨਵਜੰਮੇ ਬੱਚਿਆਂ ਦੀ ਖਰੀਦ ਕਰਕੇ ਉਨ੍ਹਾਂ ਨੂੰ ਅੱਗੇ ਵੇਚਣ ਦਾ ਧੰਦਾ ਕਰਦੇ ਸਨ ਅਤੇ ਇਨ੍ਹਾਂ ਦੋਸ਼ੀਆਂ ਕੋਲੋਂ ਪੁਲਿਸ ਨੂੰ ਇਕ ਐਂਬੂਲੈਂਸ ਗੱਡੀ, ਦੋ ਕਾਰਾਂ ਤੋਂ ਇਲਾਵਾ ਚਾਰ ਲੱਖ ਰੁਪਏ ਅਤੇ ਦੋ ਨਵਜੰਮੇ ਬੱਚੇ ਵੀ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਜਿਕਰਯੋਗ ਹੈ ਕਿ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਫੜਨ ਦਾ ਇਹ ਬਹੁਤ ਹੀ ਵੱਖਰਾ ਮਾਮਲਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਘਿਨੌਣੇ ਕੰਮ ਨਾਲ ਜੁੜੇ ਹੋਰ ਲੋਕਾਂ ਦੇ ਵੀ ਕਾਬੂ ਹੋਣ ਦੀ ਉਮੀਦ ਹੈ।