ਚੰਡੀਗੜ੍ਹ . ਇਸ ਸਾਲ ਦੇ ਸ਼ੁਰੂ ਹੋਣ ਤੋਂ ਹੀ ਮਾਰੂਥਲੀ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ ‘ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਟਿੱਡੀ ਦਲ ਪੂਰਬੀ ਅਫਰੀਕਾ, ਮੱਧ-ਪੂਰਬ ਦੇਸ਼ਾਂ, ਦੱਖਣੀ ਇਰਾਨ, ਪਾਕਿਸਤਾਨ ਅਤੇ ਭਾਰਤ ਵਿਚ ਖ਼ਾਸ ਤੌਰ ‘ਤੇ ਸਰਹੱਦੀ ਸੂਬਿਆਂ ਰਾਜਸਥਾਨ, ਪੰਜਾਬ, ਗੁਜਰਾਤ ਦੀ ਖੇਤੀਬਾੜੀ ਲਈ ਇਕ ਚੁਣੌਤੀ ਹੈ। ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿਚ ਆਉਣਾ ਇਕ ਪੁਰਾਣਾ ਵਰਤਾਰਾ ਹੈ ਪਰ ਇਸ ਸਾਲ ਸਰਦੀਆਂ ਦੇ ਮੌਸਮ ‘ਚ ਟਿੱਡੀ ਦਲ ਦੀ ਆਮਦ ਨਵਾਂ ਵਰਤਾਰਾ ਰਿਹਾ। ਖੇਤੀ ਵਿਗਿਆਨੀਆਂ ਵੱਲੋਂ ਇਸ ਨੂੰ ਮੌਸਮ ਤਬਦੀਲੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਸਰਹੱਦੀ ਇਲਾਕਿਆਂ ‘ਚ ਹਮਲੇ ਦੀਆਂ ਸੰਭਾਵਨਾਵਾਂ ਜ਼ਿਆਦਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਸ ਸਾਲ ਜਨਵਰੀ-ਫਰਵਰੀ ਵਿਚ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ ਵਿਚ ਦਾਖ਼ਲ ਹੋਏ ਸਨ, ਜਿਨ੍ਹਾਂ ਨੂੰ ਜਲਦੀ ਹੀ ਮੁਕੰਮਲ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਸੀ। ਪੰਜਾਬ ‘ਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖ਼ਤਰਾ ਨਹੀਂ। ਪੰਜਾਬ ‘ਚ ਸਰਦੀਆਂ ਤੋਂ ਬਾਅਦ ਤਾਪਮਾਨ ‘ਚ ਵਾਧੇ ਦੌਰਾਨ ਸਰਹੱਦ ਪਾਰੋਂ ਸੰਭਾਵਿਤ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬਚਣ ਦੀ ਲੋੜ ਹੈ। ਬੀਤੇ ਦਿਨੀਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ, ਖੱਖਾਂ ਅਤੇ ਰੇਣੁਕਾ ਇਲਾਕਿਆਂ ਤੋਂ ਇਲਾਵਾ ਪੰਜਾਬ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਰੂਪਨਗਰ, ਬਾਰੇਕਾ, ਨੇਜੇਕੇ ਤੇ ਬਿਸ਼ੰਬਰ ਆਦਿ ਇਲਾਕਿਆਂ ਵਿਚ ਨਾਬਾਲਗ ਟਿੱਡੀ ਦਲ ਦੇ ਛੋਟੇ ਸਮੂਹਾਂ ਦੀ ਸਰਹੱਦ ਪਾਰੋਂ ਆਮਦ ਵੇਖੀ ਗਈ।

ਖੇਤੀ ਮਾਹਿਰਾਂ ਨਾਲ ਕਰੋ ਸੰਪਰਕ

ਪੀਏਯੂ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ ਪ੍ਰਤੀ ਕਿਸਾਨਾਂ ਨੂੰ ਪੂਰੀ ਚੌਕਸੀ ਵਰਤੀ ਲਈ ਕਿਹਾ ਗਿਆ ਹੈ। ਸਰਹੱਦੀ ਜ਼ਿਲ੍ਹਿਆਂ ‘ਚ ਖੇਤਾਂ ਦਾ ਸਮੇਂ-ਸਮੇਂ ਸਰਵੇਖਣ ਤੇ ਰੋਕਥਾਮ ਦੇ ਯੋਗ ਢੰਗਾਂ ਨਾਲ ਟਿੱਡੀ ਦਲ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕਦਾ ਹੈ। ਡਾ. ਛੁਨੇਜਾ ਨੇ ਦੱਸਿਆ ਕਿ ਟਿੱਡੀ ਦਲ ਦੇ ਨਾਬਾਲਗ ਹਾਪਰ ਦੀ ਪਛਾਣ ਇਸ ਦੇ ਹਰੇ ਤੋਂ ਸਲੇਟੀ ਰੰਗ, ਅਤੇ ਸਵਾਰਮ ਕਰਨ ਵਾਲੇ ਨਵੇਂ ਬਣੇ ਬਾਲਗਾਂ ਦੀ ਗੁਲਾਬੀ ਰੰਗਤ ਤੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ, ਜਿਸ ਦੇ ਮੂਹਰਲੇ ਖੰਭਾਂ ਉੱਤੇ ਬਹੁਤ ਸਾਰੇ ਕਾਲੇ ਧੱਬੇ ਹੁੰਦੇ ਹਨ। ਜੇ ਟਿੱਡੀ ਦਲ ਦੇ ਨਾਬਾਲਗ ਹਾਪਰਾਂ ਜਾਂ ਉੱਡਦੇ ਹੋਏ ਬਾਲਗਾਂ ਦਾ ਸਮੂਹ ਜਾਂ ਇਨ੍ਹਾਂ ਦਾ ਖੇਤਾਂ ‘ਚ ਹਮਲਾ ਵਿਖਾਈ ਦੇਵੇ ਤਾਂ ਕਿਸਾਨ ਆਪਣੇ ਜ਼ਿਲ੍ਹੇ ਵਿਚ ਪੀਏਯੂ ਨਾਲ ਸਬੰਧਤ ਸੰਸਥਾਵਾਂ ਜਾਂ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਇਸ ਬਾਰੇ ਫੌਰੀ ਤੌਰ ‘ਤੇ ਜਾਣਕਾਰੀ ਦੇਣ ਤਾਂ ਜੋ ਇਸ ਕੀੜੇ ਦੀ ਰੋਕਥਾਮ ਕਰ ਕੇ ਫ਼ਸਲਾਂ ਅਤੇ ਹੋਰ ਬਨਾਸਪਤੀ ਨੂੰ ਬਚਾਇਆ ਜਾ ਸਕੇ।