ਲੁਧਿਆਣਾ, 4 ਫਰਵਰੀ | ਪਾਕਿਸਤਾਨ ਜਾਣ ਦੌਰਾਨ 11 ਜਨਵਰੀ ਨੂੰ ਰਸਤੇ ਵਿਚ ਲੁਧਿਆਣਾ ਵਿਚ ਬੱਚੀ ਨੂੰ ਜਨਮ ਦੇਣ ਵਾਲੀ ਮਹਵਿਸ਼ ਆਖਿਰਕਾਰ ਮਜਬੂਰੀ ਵਿਚ 24 ਦਿਨਾਂ ਦੀ ਬੱਚੀ ਆਬਰੀਸ਼ ਦੇ ਬਿਨਾਂ ਸ਼ਨੀਵਾਰ ਨੂੰ ਆਪਣੇ ਸਹੁਰਿਆਂ ਦੇ ਘਰ ਪਾਕਿਸਤਾਨ ਰਵਾਨਾ ਹੋ ਗਈ। ਉਹ ਹੁਣ ਅਟਾਰੀ ਸੀਮਾ ਰਾਹੀਂ ਪਾਕਿਸਤਾਨ ਪੁੱਜੇਗੀ।

ਮਹਵਿਸ਼ ਆਪਣੀਆਂ 2 ਬੱਚੀਆਂ ਨਾਲ ਆਗਰਾ ਵਿਚ ਰਹਿੰਦੇ ਆਪਣੇ ਪੇਕਿਆਂ ਤੋਂ 11 ਜਨਵਰੀ ਨੂੰ ਛੱਤੀਸਗੜ੍ਹ ਐਕਸਪ੍ਰੈਸ ਤੋਂ ਅੰਮ੍ਰਿਤਸਰ ਦੇ ਰਸਤਿਓਂ ਅਟਾਰੀ ਜਾ ਰਹੀ ਸੀ। ਇਸ ਦੌਰਾਨ ਗਰਭਵਤੀ ਮਹਵਿਸ਼ ਨੂੰ ਦਰਦ ਸ਼ੁਰੂ ਹੋ ਗਈ ਤੇ ਉਸ ਨੂੰ ਲੁਧਿਆਣਾ ਟਰੇਨ ਵਿਚੋਂ ਉਤਾਰ ਕੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਜਿਥੇ ਉਸਨੇ ਬੱਚੀ ਨੂੰ ਜਨਮ ਦਿੱਤਾ ਸੀ। 2 ਦੇਸ਼ਾਂ ਦਾ ਮਾਮਲਾ ਹੋਣ ਨਾਲ ਉਹ ਨਵਜਾਤ ਨੂੰ ਬਿਨਾਂ ਕਾਗਜ਼ੀ ਕਾਰਵਾਈ ਕੀਤੇ ਪਾਕਿਸਤਾਨ ਨਹੀਂ ਲੈ ਕੇ ਜਾ ਸਕਦੀ ਸੀ। ਇਸ ਲਈ ਉਹ ਆਪਣੀ ਭੈਣ ਨਾਲ ਵਾਪਸ ਆਗਰਾ ਪਰਤ ਗਈ। ਦੱਸ ਦਈਏ ਕਿ ਆਗਰਾ ਦੀ ਰਹਿਣ ਵਾਲੀ ਮਹਵਿਸ਼ ਦਾ ਵਿਆਹ ਪਾਕਿਸਤਾਨ ਦੇ ਕਰਾਚੀ ਦੇ ਸ਼ੋਏਬ ਨਾਲ ਹੋਇਆ ਸੀ ਤੇ ਉਹ 2 ਮਹੀਨਿਆਂ ਲਈ ਪੇਕੇ ਆਈ ਸੀ।

ਆਗਰਾ ਪਹੁੰਚਣ ਤੋਂ ਬਾਅਦ ਪਰਿਵਾਰ ਪਿਛਲੇ 24 ਦਿਨ ਬੱਚੀ ਦਾ ਵੀਜ਼ਾ ਤੇ ਹੋਰ ਕਾਗਜ਼ੀ ਪ੍ਰਕਿਰਿਆ ਲਈ ਕੋਸ਼ਿਸ਼ ਕਰਦਾ ਰਿਹਾ ਪਰ ਮਨਜ਼ੂਰੀ ਨਹੀਂ ਮਿਲੀ। ਮਹਵਿਸ਼ ਦੇ ਭਰਾ ਜ਼ਿਬਰਾਨ ਨੇ ਦੱਸਿਆ ਕਿ ਬੱਚੀ ਨੂੰ ਵਾਪਸ ਭੇਜਣ ਲਈ ਕਈ ਵਿਭਾਗਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਇਸ ਲਈ ਇਸ ਵਿਚ ਕਾਫੀ ਸਮਾਂ ਲੱਗ ਸਕਦਾ ਹੈ।

ਉਥੇ ਹੀ ਮਹਵਿਸ਼ ਨਾਲ ਆਈਆਂ ਉਸ ਦੀਆਂ ਦੋਵੇਂ ਬੱਚੀਆਂ ਦੇ ਵੀਜ਼ਾ ਖਤਮ ਹੋਣ ਤੋਂ ਬਾਅਦ ਆਖਿਰ ਮਹਵਿਸ਼ ਨੂੰ ਨਵਜਾਤ ਨੂੰ ਇਥੇ ਹੀ ਛੱਡ ਕੇ ਦੋਵਾਂ ਬੱਚੀਆਂ ਨਾਲ ਵਾਪਸ ਮੁੜਨਾ ਪੈ ਰਿਹਾ ਹੈ। ਜਲਦ ਕਾਗਜ਼ੀ ਕਾਰਵਾਈ ਪੂਰੀ ਕਰਕੇ ਮਹਵਿਸ਼ ਬੇਟੀ ਨੂੰ ਪਾਕਿਸਤਾਨ ਲੈ ਜਾਏਗੀ।