ਲੁਧਿਆਣਾ, 21 ਨਵੰਬਰ | ਪਿੰਡ ਚੌਂਤਾ ਦੇ ਨਸ਼ਾ ਤਸਕਰਾਂ ਨੇ ਇੱਕ ਹੋਰ ਨੌਜਵਾਨ ਗੁਰਮੇਲ ਸਿੰਘ ਵਾਸੀ ਭੈਣੀ ਸਾਹਿਬ ਦੀ ਜਾਨ ਲੈ ਲਈ। ਭੈਣੀ ਸਾਹਿਬ ਦੇ ਵਾਸੀ ਗੁਰਚਰਨ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ 2 ਲੜਕੇ ਗੰਗਾ ਸਿੰਘ ਤੇ ਗੁਰਮੇਲ ਸਿੰਘ ਜੋ ਕਿ ਨਸ਼ਾ ਕਰਨ ਦੇ ਆਦੀ ਹਨ ਅਤੇ ਅਕਸਰ ਘਰ ਵਿਚ ਹੀ ਰਹਿੰਦੇ ਸਨ। ਸ਼ਾਮ ਕਰੀਬ 5 ਵਜੇ ਇਹ ਮੇਰੇ ਦੋਵੇਂ ਲੜਕੇ ਘਰੋਂ ਬਾਹਰ ਚਲੇ ਗਏ ਅਤੇ ਮੈਨੂੰ ਸ਼ੱਕ ਹੋਇਆ ਕਿ ਇਹ ਦੋਵੇਂ ਨਸ਼ਾ ਲੈਣ ਗਏ ਹੋਣਗੇ।

ਜਿਸ ’ਤੇ ਮੈਂ ਉਨ੍ਹਾਂ ਦੀ ਤਲਾਸ਼ ਵਿਚ ਨਿਕਲ ਗਿਆ। ਇਸ ਦੌਰਾਨ ਜਦੋਂ ਉਹ ਗਾਹੀ ਭੈਣੀ ਤੋਂ ਪਿੰਡ ਰਤਨਗੜ੍ਹ ਰੋਡ ਵੱਲ ਨੂੰ ਗਿਆ ਤਾਂ ਦੇਖਿਆ ਕਿ ਸੜਕ ਦੇ ਖੱਬੇ ਪਾਸੇ ਸੁੰਨਸਾਨ ਜਗ੍ਹਾ ’ਤੇ ਕਰੀਬ 8-9 ਲੜਕਿਆਂ ਨੇ ਮੇਰੇ ਦੋਵੇਂ ਲੜਕੇ ਗੰਗਾ ਸਿੰਘ ਤੇ ਗੁਰਮੇਲ ਸਿੰਘ ਨੂੰ ਫੜਿਆ ਹੋਇਆ ਸੀ ਅਤੇ ਮੇਰੇ ਵਲੋਂ ਜਦੋਂ ਰੌਲਾ ਪਾਇਆ ਗਿਆ ਤਾਂ ਇਹ ਮੌਕੇ ਤੋਂ ਭੱਜ ਗਏ। ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸਦੇ ਲੜਕੇ ਗੁਰਮੇਲ ਸਿੰਘ ਦੀ ਸੱਜੀ ਬਾਂਹ ’ਤੇ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ, ਜਿਸ ਨੂੰ ਉਸ ਨੇ ਕੱਢ ਦਿੱਤਾ।

ਮੇਰੇ ਦੋਵੇਂ ਲੜਕਿਆਂ ਨੇ ਦੱਸਿਆ ਕਿ ਅਸੀਂ ਦੋਵੇਂ ਜਾਣੇ ਅਕਸਰ ਇਨ੍ਹਾਂ ਵਿਅਕਤੀਆਂ ਤੋਂ ਨਸ਼ਾ ਲੈਣ ਆਉਂਦੇ ਹਾਂ ਅਤੇ ਅੱਜ ਵੀ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸੁਰਜੀਤ ਸਿੰਘ ਸ਼ੀਲੂ, ਜੋਗਿੰਦਰ ਸਿੰਘ ਉਰਫ਼ ਡੋਡੀ, ਕੁਲਵੰਤ ਸਿੰਘ, ਮੁੱਖਾ ਸਿੰਘ ਜੋ ਕਿ ਪਿੰਡ ਚੌਂਤਾ ਦੇ ਵਾਸੀ ਹਨ ਅਤੇ ਇੱਕ ਜੋਗਿੰਦਰ ਸਿੰਘ ਡੋਡੀ ਦੀ ਪਤਨੀ ਬਲਵਿੰਦਰ ਕੌਰ ‘ਤੇ ਇੱਕ ਨਾ-ਮਾਲੂਮ ਔਰਤ ਸਾਨੂੰ ਨਸ਼ਾ ਦੇ ਕੇ ਗਈ ਹੈ। ਬਿਆਨਕਰਤਾ ਅਨੁਸਾਰ ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਦੇ ਦੋਵੇਂ ਲੜਕੇ ਗੁਰਮੇਲ ਸਿੰਘ ਤੇ ਗੰਗਾ ਸਿੰਘ ਨੂੰ ਨਸ਼ੇ ਦੇ ਟੀਕੇ ਲਗਾਏ।

ਬਿਆਨਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਵੇਂ ਲੜਕਿਆਂ ਨੂੰ ਲੈ ਕੇ ਘਰ ਚਲਾ ਗਿਆ ਤਾਂ ਅਚਾਨਕ ਗੁਰਮੇਲ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਤੇ ਉਸ ਦੇ ਨੱਕ ’ਚੋਂ ਖੂਨ ਨਿਕਲਣ ਲੱਗ ਪਿਆ ਅਤੇ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗੇ ਸਨ ਕਿ ਉਸਦੀ ਮੌਤ ਹੋ ਗਈ। ਬਿਆਨਕਰਤਾ ਅਨੁਸਾਰ ਉਸਦੇ ਲੜਕੇ ਗੁਰਮੇਲ ਸਿੰਘ ਦੀ ਮੌਤ ਸ਼ੀਲੂ, ਗੁਰਪ੍ਰੀਤ ਉਰਫ਼ ਗੋਪੀ, ਜੋਗਿੰਦਰ ਸਿੰਘ, ਬਲਵਿੰਦਰ ਕੌਰ, ਕੁਲਵੰਤ ਸਿੰਘ, ਮੁੱਖਾ ਸਿੰਘ ਅਤੇ ਹੋਰ 5 ਨਾ-ਮਾਲੂਮ ਵਿਅਕਤੀਆਂ ਤੇ ਔਰਤਾਂ ਵਲੋਂ ਜਬਰਦਸਤੀ ਨਸ਼ਾ ਕਰਵਾਉਣ ਕਰਕੇ ਹੋਈ ਹੈ।