ਚੰਡੀਗੜ੍ਹ . ਭਾਰਤ ਸਰਕਾਰ ਵਲੋਂ 59 ਚੀਨੀ ਐਪਜ਼ ਉਪਰ ਪਾਬੰਦੀ ਲਾ ਦਿੱਤੀ ਹੈ ਪਰ ਇੰਨੀ ਦਿਨੀ ਇਕ ਟਿਕਟਾਕ ਪ੍ਰੋ ਨਾਂ ਦੇ ਐਪ ਦਾ ਲਿੰਕ ਬਹੁਤ ਸ਼ੇਅਰ ਹੋ ਰਿਹਾ ਹੈ। ਉਸ ਨਾਲ ਸੰਬਧਿਤ ਮੈਸੇਜ ਵਿਚ ਲਿਖਿਆ ਹੈ ਕਿ ਇਹ ਟਿਕਟਾਕ ਬੰਦ ਹੋਣ ਤੋਂ ਬਾਅਦ ਟਿਕਟੌਕ ਦਾ ਨਵਾਂ ਰੂਪ ਪ੍ਰੋ ਟਿਕਟੌਕ ਐਪ ਹੈ ਪਰ ਇਹ ਐਪ ਫਰਜ਼ੀ ਹੈ।  

ਪੰਜਾਬ ਪੁਲਿਸ ਦੇ ਸਾਇਬਰ ਸੈੱਲ ਨੇ ਸੂਬੇ ਦੇ ਲੋਕਾਂ ਨੂੰ ਟਿਕਟੌਕ ਐਪ ਦਾ ਭੁਲੇਖਾ ਪਾਉਂਦੀ ਏਪੀਕੇ ਫਾਈਲ ਜਾਂ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਐਪਸ ਨੂੰ ਡਾਊਨਲੋਡ ਕਰਨ ਤੋ ਵਰਜਿਆ ਹੈ ਕਿਉਂ ਜੋ ਇਹ ਸਨਸ਼ਨੀ ਖਬਰਾਂ ਫੈਲਾਉਣ ਵਾਲਾ ਸਾਧਨ ਵੀ ਹੋ ਸਕਦਾ ਹੈ।

ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਪਛਾਣ ਕੀਤੀ ਹੈ ਕਿ ਲੋਕ ਸੰਖੇਪ ਸੰਦੇਸ਼ ਸੇਵਾ (ਐਸ.ਐਮ.ਐਸ) ਤੇ ਵਟਸਐਪ ਸੰਦੇਸ਼ ਪ੍ਰਾਪਤ ਕਰ ਰਹੇ ਹਨ ਕਿ ਚੀਨ ਦੀ ਮਸ਼ਹੂਰ ਐਪ ‘ਟਿਕਟੋਕ’ ਹੁਣ ਭਾਰਤ ਵਿੱਚ ‘ਟਿਕਟੋਕ ਪ੍ਰੋ’ ਵਜੋਂ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਡਾਊਨਲੋਡ ਕਰਨ ਵਾਸਤੇ ਯੂਆਰਐਲ ਵੀ ਦਿੱਤਾ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਟਿਕਟੋਕ ਐਪ ਨਾਲ ਮਿਲਦਾ ਜੁਲਦਾ ‘ਟਿਕਟਾਕ ਪ੍ਰੋ’ ਨਾਮ ਦਾ ਇੱਕ ਐਪ ਅੱਜਕੱਲ੍ਹ ਬਹੁਤ ਦੇਖਿਆ ਜਾ ਰਿਹਾ ਹੈ ਜੋ ਕਿ ਜਾਅਲੀ ਹੈ। ਇਹ ਏੇਪੀਕੇ ਫਾਈਲ ਗੂਗਲ ਪਲੇਅ ਸਟੋਰ ਸਮੇਤ ਐਪ ਸਟੋਰ (ਆਈਓਐਸ) ‘ਤੇ ਵੀ ਉਪਲਬਧ ਨਹੀਂ ਹੈ ਜੋ ਸਿੱਧਾ ਸਿੱਧਾ ਦਰਸਾਉਂਦਾ ਹੈ ਕਿ ਇਹ ਇਕ ਗੁਮਰਾਹਕੁੰਨ ਤੇ ਫਰਜ਼ੀ ਐਪ ਹੈ।

ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਬਹੁਤ ਸੁਚੇਤ ਰਹਿਣ ਅਤੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ। ਜੇ ਉਹ ਕਿਸੇ ਵੀ ਸ਼ੋਸ਼ ਮੀਡੀਆ ਪਲੇਟਫਾਰਮ ਦੇ ਜਰੀਏ, ਜਾਅਲੀ ਐਪ ਸੰਬੰਧੀ ਕਿਸੇ ਵੀ ਸੰਦੇਸ਼ ਨੂੰ ਪ੍ਰਾਪਤ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਨੂੰ ਦੂਜਿਆਂ ਨੂੰ ਨਹੀਂ ਭੇਜਣਾ ਚਾਹੀਦਾ, ਪਰ ਤੁਰੰਤ ਇਸ ਨੂੰ ਡੀਲੀਟ ਕਰ ਦੇਣਾ ਚਾਹੀਦਾ ਹੈ। ਇਹ ਐਪ ਤੁਹਾਨੂੰ ਧੋਖਾ ਵੀ ਦੇ ਸਕਦਾ ਹੈ।