ਹੈਦਰਾਬਾਦ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਟ੍ਰੈਫਿਕ ਚਲਾਨਾਂ ਤੋਂ ਤੰਗ ਆ ਕੇ 50 ਸਾਲ ਦੇ ਮਜ਼ਦੂਰ ਨੇ ਜਾਨ ਦੇ ਦਿੱਤੀ। ਪੁਲਿਸ ਮੁਤਾਬਕ ਵਿਅਕਤੀ ਤੀਜੀ ਵਾਰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਂਦਾ ਫੜਿਆ ਗਿਆ ਸੀ। ਇਸ ਤੋਂ ਬਾਅਦ ਯੇਲਈਆ ਨਾਂ ਦੇ ਵਿਅਕਤੀ ਨੇ ਸੈਦਾਬਾਦ ਸਥਿਤ ਰਿਹਾਇਸ਼ ‘ਤੇ ਜਾਨ ਦੇ ਦਿੱਤੀ।
6 ਮਾਰਚ ਨੂੰ ਪੁਲਿਸ ਨੇ ਉਸ ਦੀ ਬਾਈਕ ਜ਼ਬਤ ਕਰ ਲਈ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ‘ਚ ਆਪਣੇ ਘਰ ਵਾਪਸ ਆ ਗਿਆ। ਵਿਅਕਤੀ ਦੇ ਪਰਸ ਵਿਚੋਂ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਗੱਡੀ ਦੇ ਚਲਾਨ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਉਸ ਦੀ ਪਤਨੀ ਨੇ ਇਸ ਪੂਰੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿਚ ਕਿਹਾ ਹੈ ਕਿ ਪਤੀ ਨੂੰ ਡਰ ਸੀ ਕਿ ਕਿਤੇ ਉਸ ਦੀ ਜ਼ਬਤ ਕੀਤੀ ਬਾਈਕ ਦੁਬਾਰਾ ਵਾਪਸ ਨਹੀਂ ਮਿਲੇਗੀ।
ਵਿਅਕਤੀ ਦੀ ਮੌਤ ਤੋਂ ਬਾਅਦ ਪਰਸ ਵਿਚੋਂ ਮਿਲੇ ਪੱਤਰ ਵਿਚ ਕੇਸੀਆਰ ਅਤੇ ਆਈਟੀ ਮੰਤਰੀ ਕੇਟੀ ਰਾਮਾ ਰਾਓ ਨੂੰ ਬੇਨਤੀ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਕਥਿਤ ਤੌਰ ‘ਤੇ ਟਰੈਫਿਕ ਚਲਾਨਾਂ ਦਾ ਭੁਗਤਾਨ ਕਰਨ ਵਿਚ ਗਰੀਬਾਂ ‘ਤੇ ਪਏ ਵਿੱਤੀ ਬੋਝ ਨੂੰ ਦੇਖਣ ਦੀ ਬੇਨਤੀ ਕੀਤੀ ਗਈ।
ਯੇਲਈਆ ਨੇ ਕਥਿਤ ਤੌਰ ‘ਤੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਸੰਬੋਧਿਤ ਕਰਕੇ ਪੱਤਰ ਲਿਖਿਆ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਬਕਾਇਆ ਟ੍ਰੈਫਿਕ ਚਲਾਨਾਂ ਦੀ ਅਦਾਇਗੀ ਦੇ ਬੋਝ ਨੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਯੇਲਈਆ ‘ਤੇ ਕੁੱਲ 8,945 ਰੁਪਏ ਦਾ ਜੁਰਮਾਨਾ ਹੈ। ਹਾਲਾਂਕਿ, ਪੁਲਿਸ ਨੇ ਯੇਲਈਆ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਜਾਂਚ ਦੌਰਾਨ ਪੈਂਡਿੰਗ ਚਲਾਨਾਂ ਨੂੰ ਕਦੇ ਨਹੀਂ ਦੇਖਦੇ।