ਅੰਮ੍ਰਿਤਸਰ/ਬਠਿੰਡਾ | ਲੋਹੜੀ ਵਾਲੇ ਦਿਨ ਅੰਮ੍ਰਿਤਸਰ ਅਤੇ ਬਠਿੰਡਾ ‘ਚ ਵਾਪਰੇ ਹਾਦਸਿਆਂ ਕਾਰਨ 2 ਪਰਿਵਾਰਾਂ ਦੇ ਜਵਾਨ ਪੁੱਤਾਂ ਦੀ ਮੌਤ ਹੋ ਗਈ। ਇਨ੍ਹਾਂ ਪਰਿਵਾਰਾਂ ਲਈ ਲੋਹੜੀ ਦੀ ਤਿਉਹਾਰ ਦੁੱਖਾਂ ਦਾ ਪਹਾੜ ਸਾਬਤ ਹੋਇਆ ਹੈ।

ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਮੱਲਵਾਲਾ ਦਾ ਹੈ, ਜਿਥੇ ਇੱਕ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਦੀ ਸੂਚਨਾ ਹੈ। ਨੌਜਵਾਨ ਬੂਟਾ ਸਿੰਘ 33 ਸਾਲ ਦਾ ਸੀ। ਉਹ ਇਥੇ ਰਾਜਾ ਸਿੰਘ ਭੱਠੇ ਵਾਲੇ ‘ਤੇ ਕਾਰੀਗਰ ਵੱਜੋਂ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਪਿੰਡ ਮੱਲਵਾਲਾ ਵਿਖੇ ਰਾਜਾ ਭੱਠੇ ਵਾਲੇ ਦੇ ਰਿਸ਼ਤੇਦਾਰ ਦੀ ਕਣਕ ਨੂੰ ਖੇਤਾਂ ਵਿੱਚ ਪਾਣੀ ਲਾਉਣ ਆਇਆ ਸੀ। ਸ਼ਾਮ ਸਮੇਂ ਜਦੋਂ ਉਹ ਟਰੈਕਟਰ ਲੈ ਕੇ ਪਰਤ ਰਿਹਾ ਸੀ ਤਾਂ ਅਚਾਨਕ ਟਰੈਕਟਰ ਪਲਟ ਗਿਆ, ਜਿਸ ਕਾਰਨ ਉਹ ਹੇਠਾਂ ਆ ਗਿਆ। ਪਿੰਡ ਵਾਸੀਆਂ ਨੇ ਪਤਾ ਲੱਗਣ ‘ਤੇ ਤੁਰੰਤ ਉਸ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਪਰ ਜ਼ਖ਼ਮਾਂ ਦੀ ਤਾਬ੍ਹ ਨਾ ਝੱਲਦੇ ਹੋਏ ਉਸ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ।

ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮੋਹਕਮਪੁਰਾ ਦਾ ਮਾਮਲਾ ਹੈ, ਜਿਥੇ ਇੱਕ ਨੌਜਵਾਨ ਦੀ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ। ਆਪਣੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ। ਘਟਨਾ ਮੋਹਕਮਪੁਰਾ ਥਾਣੇ ਅਧੀਨ ਨਿਊ ਪ੍ਰੀਤ ਨਗਰ ਵਿੱਚ ਵਾਪਰੀ, ਜਿਸ ਕਾਰਨ ਨੌਜਵਾਨ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਕਾਰਵਾਈ ਆਰੰਭ ਦਿੱਤੀ ਹੈ।