ਬਠਿੰਡਾ | ਲੜਕੀ ਨੇ ਬਠਿੰਡਾ-ਚੰਡੀਗੜ੍ਹ ਰੋਡ ‘ਤੇ ਹਾਈਵੋਲਟੇਜ ਡਰਾਮਾ ਕੀਤਾ। ਲੜਕੀ ਆਪਣੇ ਸਾਥੀ ਨਾਲ ਫਾਰਚੂਨਰ ਵਿਚ ਜਾ ਰਹੀ ਸੀ। ਇਸ ਦੌਰਾਨ ਬੱਸ ਚਾਲਕ ਅਤੇ ਕਾਰ ਚਾਲਕ ਵਿਚਾਲੇ ਗੱਡੀ ਨੂੰ ਸਾਈਡ ਕਰਨ ਨੂੰ ਲੈ ਕੇ ਬਹਿਸ ਹੋ ਗਈ, ਜਿਸ ਕਾਰਨ ਸੜਕ ‘ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।

ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਮ ਨੂੰ ਦੂਰ ਕਰਨ ਲਈ ਫਾਰਚੂਨਰ ਚਾਲਕ ਅਤੇ ਬੱਸ ਚਾਲਕ ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ । ਲੜਕੀ ਦੀ ਪੁਲਿਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਹੋਈ। ਲੜਕੀ ਨੇ ਕਾਰ ਤੋਂ ਹੇਠਾਂ ਉਤਰ ਕੇ ਇੰਸਪੈਕਟਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਮੁਲਾਜ਼ਮਾਂ ਨਾਲ ਕੋਈ ਵੀ ਮਹਿਲਾ ਸਟਾਫ਼ ਨਹੀਂ ਸੀ। ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਪੁਲਿਸ ਮੁਲਾਜ਼ਮਾਂ ਨੇ ਲੜਕੀ ਦੇ ਹਾਈਵੋਲਟੇਜ ਡਰਾਮੇ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ। ਲੜਕੀ ਦੀ ਕਾਰ ਨੂੰ ਘੇਰ ਕੇ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਫੋਰਸ ਨੂੰ ਮੌਕੇ ‘ਤੇ ਬੁਲਾਇਆ।

ਬਠਿੰਡਾ ਕੈਂਟ ਥਾਣੇ ਦੇ ਐਸਐਚਓ ਪਾਰਸ ਚਾਹਲ ਨੇ ਦੱਸਿਆ ਕਿ ਫਾਰਚੂਨਰ ਕਾਰ ਚਾਲਕ ਅਤੇ ਬੱਸ ਚਾਲਕ ਆਪਸ ਵਿਚ ਬਹਿਸ ਕਰ ਰਹੇ ਸਨ। ਇਸ ਦੌਰਾਨ ਟ੍ਰੈਫਿਕ ਜਾਮ ਹੋ ਗਿਆ। ਦੋਵਾਂ ਨੂੰ ਗੱਡੀ ਹਟਾਉਣ ਲਈ ਕਿਹਾ ਜਾ ਰਿਹਾ ਸੀ ਤਾਂ ਔਰਤ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ‘ਚ ਪੁਲਿਸ ਨੇ ਜਾਮ ਖੁੱਲ੍ਹਵਾ ਦਿੱਤਾ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।