ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਵਿਚ ਸੰਭਲ ਜਨਪਦ ਦੇ ਬਹਿਜੋਈ ਥਾਣੇ ਤਹਿਤ ਪੈਂਦੇ ਇਕ ਇਲਾਕੇ ਵਿਚ ਵਿਆਹ ਸਮਾਗਮ ਦੌਰਾਨ ਲਾੜੀ ਨੂੰ ਲਾੜੇ ਨੇ ਸਭ ਦੇ ਸਾਹਮਣੇ ਕਿੱਸ ਕਰ ਲਿਆ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਅਜਿਹਾ ਕਰਨਾ ਉਸ ਨੂੰ ਕਿੰਨਾ ਮਹਿੰਗਾ ਪੈ ਸਕਦਾ ਹੈ। ਕਿਉਂ ਕਿ ਲਾੜੇ ਵਲੋਂ ਕਿੱਸ ਕਰਨ ਤੋਂ ਬਾਅਦ ਲਾੜੀ ਸਿੱਧਾ ਸਟੇਜ ਛੱਡ ਕੇ ਥਾਣੇ ਪੁੱਜ ਗਈ। ਉਥੇ ਉਸਨੂੰ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਲਾੜੇ ਖਿਲਾਫ ਕਾਰਵਾਈ ਦੀ ਮੰਗ ਕੀਤੀ।

ਅਸਲ ਵਿਚ 26 ਨਵੰਬਰ ਨੂੰ ਮੁੱਖ ਮੰਤਰੀ ਸਮੂਹਿਕ ਵਿਆਹ ਪ੍ਰੋਗਰਾਮ ਦੌਰਾਨ ਬਦਾਊਂ ਜ਼ਿਲ੍ਹੇ ਦੇ ਬਿਲਸੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਦਾ ਵਿਆਹ ਸੰਭਲ ਦੇ ਪਾਵਸਾ ਦੀ ਲੜਕੀ ਨਾਲ ਤੈਅ ਹੋਇਆ ਸੀ। ਵਿਆਹ ਬੰਧਨ ਦੌਰਾਨ 28 ਨਵੰਬਰ ਨੂੰ ਪਵਾਸਾ ਪਿੰਡ ਵਿਚ ਰੀਤੀ ਰਿਵਾਜ ਨਾਲ ਵਿਆਹ ਦਾ ਪ੍ਰੋਗਰਾਮ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਵਾਸਾ ਵਿਚ ਵਿਆਹ ਸਮਾਗਮ ਵਿਚ ਜੈਮਾਲਾ ਦਾ ਪ੍ਰੋਗਰਾਮ ਹੋਣ ਦੇ ਬਾਅਦ ਲਾੜਾ-ਲਾੜੀ ਸਟੇਜ ਉਤੇ ਬੈਠੇ। ਫਿਰ ਉਸੇ ਸਮੇਂ ਸਾਰਿਆਂ ਦੇ ਸਾਹਮਣੇ ਸਟੇਜ ਉਤੇ ਹੀ ਲਾੜੇ ਨੇ ਲਾੜੀ ਨੂੰ ਕਿੱਸ ਕਰ ਲਿਆ। ਇਸ ਨਾਲ ਲਾੜੀ ਭੜਕ ਗਈ ਤੇ ਉਥੋਂ ਉਠ ਕੇ ਕਮਰੇ ਵਿਚ ਚਲੀ ਗਈ। ਪਰਿਵਾਰ ਦੇ ਲੋਕਾਂ ਨੇ ਲਾੜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਸਨੇ ਸਟੇਜ ਉਤੇ ਜਾਣ ਤੋਂ ਇਨਕਾਰ ਕਰ ਦਿੱਤਾ।

ਬਾਅਦ ਵਿਚ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕਿ ਥਾਣੇ ਪੁੱਜੀ ਤੇ ਥਾਣਾ ਮੁਖੀ ਪੰਕਜ ਲਵਾਨੀ ਨੂੰ ਲਾੜੇ ਖਿਲਾਫ ਪਰਚਾ ਦਰਜ ਕਰਨ ਲਈ ਕਿਹਾ। ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਸਨੂੰ ਲਾੜੇ ਦਾ ਚਰਿੱਤਰ ਠੀਕ ਨਹੀਂ ਲੱਗਾ।
ਦੂਜੇ ਪਾਸੇ ਲਾੜੇ ਦਾ ਕਹਿਣਾ ਹੈ ਕਿ ਉਸਦੀ ਲਾੜੀ ਨਾਲ ਕਿੱਸ ਨੂੰ ਲੈ ਕੇ ਸ਼ਰਤ ਲੱਗੀ ਸੀ। ਉਸਨੇ ਇਹ ਜਾਣਬੁਝ ਕੇ ਨਹੀਂ ਕੀਤਾ।