ਰੋਪੜ| ਪੰਜਾਬ ਦੀ ਭਾਖਰਾ ਨਹਿਰ ਵਿਚ ਡੁੱਬੇ ਹਿਮਾਚਲ ਦੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦੇ ਪੰਜਵੇਂ ਦਿਨ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸਦੇ ਨਾਲ ਹੀ ਦੋਵਾਂ ਦੋਸਤਾਂ ਦੀ ਨਹਿਰ ਦੇ ਕੰਢੇ ਆਖਰੀ ਵੀਡੀਓ ਵੀ ਸਾਹਮਣੇ ਆਈ ਹੈ।

ਸੈਲਫੀ ਲੈਂਦੇ ਸਮੇਂ ਪੈਰ ਫਿਸਲਣ ਕਾਰਨ ਰੋਪੜ ਦੇ ਰੰਗੀਲਪੁਰ ਨੇੜੇ ਇਹ ਹਾਦਸਾ ਹੋਇਆ ਸੀ। ਨਹਿਰ ਵਿਚ ਡੁੱਬਣ ਵਾਲੇ ਨੌਜਵਾਨ ਸ਼ਿਮਲਾ ਦੇ ਰੋਹੜੂ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਨਾਂ ਬਾਸ਼ਲਾ ਨਿਵਾਸੀ ਸੁਮਿਤ ਪੁਰਹਟਾ ਪੁੱਤਰ ਲੋਭ ਰਾਮ ਪੁਰਹਟਾ ਅਤੇ 27 ਸਾਲਾ ਸਿਦਰੋਤੀ ਵਾਸੀ ਵਿਰਾਜ ਪੁੱਤਰ ਡੀਐੱਨ ਚੌਹਾਨ ਸਨ।

ਜਾਣਕਾਰੀ ਅਨੁਸਾਰ ਸੁਮਿਤ ਮੋਹਾਲੀ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਵਿਰਾਜ 5 ਮਾਰਚ ਸ਼ਨੀਵਾਰ ਨੂੰ ਆਪਣੇ ਦੋਸਤ ਨੂੰ ਮਿਲਣ ਲਈ ਖਰੜ ਗਿਆ ਸੀ। ਐਤਵਾਰ ਸਵੇਰੇ ਦੋਵੇਂ ਭਾਖੜਾ ਨਹਿਰ ਰੰਗੀਲਪੁਰ ਨੇੜੇ ਦੋ ਮੋਟਰਸਾਈਕਲਾਂ ਉਤੇ ਸੈਰ ਕਰਨ ਗਏ ਸੀ। ਉਨ੍ਹਾਂ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸੀ।

ਭਾਖੜਾ ਨਹਿਰ ਦੇ ਕੰਢੇ ਸਨੈਪਚੈਟ ਰੀਲ ਬਣਾਉਣ ਅਤੇ ਸੈਲਫੀ ਲੈਂਦੇ ਸਮੇਂ ਅਚਾਨਕ ਪੈਰ ਫਿਸਲਣ ਕਾਰਨ ਸੁਮਿਤ ਨਹਿਰ ਵਿਚ ਡਿੱਗ ਗਿਆ। ਜਦੋਂ ਵਿਰਾਜ ਨੇ ਉਸਨੂੰ ਬਚਾਉਣ ਲਈ ਉਸਦਾ ਹੱਥ ਫੜਿਆ ਤਾਂ ਉਸਦੀ ਲੱਤ ਵੀ ਤਿਲਕ ਗਈ ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਜਦੋਂ ਦੋਵੇਂ ਨੌਜਵਾਨ ਭਾਖੜਾ ਨਹਿਰ ਵਿਚ ਵਹਿ ਰਹੇ ਸਨ ਤਾਂ ਉਨ੍ਹਾਂ ਦੇ ਸਾਥੀ ਨੌਜਵਾਨ ਅਮਨ ਨੇ ਉਨ੍ਹਾਂ ਨੂੰ ਬਚਾਉਣ ਲਈ ਕਾਫੀ ਰੌਲਾ ਪਾਇਆ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦੋਵੇਂ ਮੁੰਡੇ ਰੁੜ੍ਹ ਗਏ।




AddThis Website Tools