ਚੰਡੀਗੜ੍ਹ | ਪੰਜਾਬ ਸਰਕਾਰ ਨੇ ਆਪਣੀ ਕਿਸਮ ਦੇ ਪਹਿਲੇ ਜਨਤਾ ਦਰਬਾਰ ਦੀ ਸ਼ੁਰੂਆਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਕੀਤੀ ਹੈ। ਪਹਿਲਾ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ 6 ਫਰਵਰੀ ਨੂੰ ਲਗਾਇਆ ਜਾਵੇਗਾ। ਪਿੰਡਾਂ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਾਫ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਜੇਕਰ ਕੋਈ ਦਿੱਕਤ ਆ ਰਹੀ ਹੈ ਜਾਂ ਉਹ ਕੋਈ ਸ਼ਿਕਾਇਤ ਦਰਜ ਕਰਨੀ ਚਾਹੁੰਦੇ ਹਨ ਤਾਂ ਉਹ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਆਨਲਾਈਨ ਜਨਤਾ ਦਰਬਾਰ ਵਿਚ ਲੋਕਾਂ ਦੀ ਸੁਣਵਾਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨਾਲ ਵਿਭਾਗ ਦੇ ਸਮੂਹ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਰਹਿਣਗੇ।
ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪਹਿਲੇ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ ਦਾ ਪ੍ਰਬੰਧ 6 ਫਰਵਰੀ ਨੂੰ ਸਵੇਰੇ 11.30 ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਜਨਤਾ ਦਰਬਾਰ ਹਰ 15 ਦਿਨਾਂ ਬਾਅਦ ਲਗਾਏ ਜਾਣਗੇ ਤਾਂ ਜੋ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਦਰਾਂ ‘ਤੇ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਨਤਾ ਦਰਬਾਰ ਦੀ ਸਫਲਤਾ ਲਈ ਜ਼ਿਲ੍ਹਾ ਮੁਕਾਮਾਂ ‘ਤੇ ਤਇਨਾਤ ਅਫਸਰਾਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਮੰਤਰੀ ਜਿੰਪਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਬਿਹਤਰ ਕੁਆਲਿਟੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਇਸ ਪਾਸੇ ਯੋਗ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਸੈਨੀਟੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ।
ਇਸ ਜਨਤਾ ਦਰਬਾਰ ਵਿਚ ਸ਼ਿਕਾਇਤਾਂ ਦਰਜ ਕਰਨ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਵੱਲੋਂ ਕਾਰਜ ਵਿਧੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਆਨਲਾਈਨ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਅਟੈਂਡ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਮੁੱਖ ਇੰਜੀਨੀਅਰ ਵੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸਮੂਹ ਨਿਗਰਾਨ ਇੰਜੀਨੀਅਰ ਅਤੇ ਸਮੂਹ ਕਾਰਜਕਾਰੀ ਇੰਜੀਨੀਅਰ ਆਪਣੇ-ਆਪਣੇ ਦਫਤਰਾਂ ਤੋਂ ਆਨਲਾਈਨ ਜਨਤਾ ਦਰਬਾਰ ਅਟੈਂਡ ਕਰਨਗੇ।