ਰਾਜਸਥਾਨ, 24 ਦਸੰਬਰ| ਰਾਜਸਥਾਨ ਦੇ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਸ਼ੇਖਪੁਰ ਥਾਣਾ ਖੇਤਰ ਦੇ ਪਿੰਡ ਮੁੰਡਾਨਾ ‘ਚ ਕਮਰੇ ‘ਚ ਹੀਟਰ ਲਗਾ ਕੇ ਸੁੱਤੇ ਪਏ ਪਤੀ-ਪਤਨੀ ਅਤੇ ਉਨ੍ਹਾਂ ਦੀ ਦੋ ਮਹੀਨੇ ਦੀ ਮਾਸੂਮ ਧੀ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।
ਹਾਦਸੇ ਵਿਚ ਦੀਪਕ ਯਾਦਵ ਅਤੇ ਉਸ ਦੀ ਧੀ ਨਿਸ਼ਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਨਾਲ ਝੁਲਸੀ ਔਰਤ ਨੂੰ ਅਲਵਰ ਦੇ ਰਾਜੀਵ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਉਥੇ ਅੱਜ ਉਸਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪੂਰਾ ਪਰਿਵਾਰ ਜ਼ਿੰਦਾ ਸੜ ਗਿਆ ਅਤੇ ਤਿੰਨੇ ਜੀਆਂ ਦੀ ਮੌਤ ਹੋ ਗਈ।
ਪੁਲਿਸ ਅਨੁਸਾਰ ਮੁੰਡਾਨਾ ਪਿੰਡ ਦੇ ਰਹਿਣ ਵਾਲੇ ਦੀਪਕ ਅਤੇ ਜੈਪੁਰ ਦੀ ਰਹਿਣ ਵਾਲੀ ਸੰਜੂ ਯਾਦਵ ਦਾ ਦੋ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਉਨ੍ਹਾਂ ਦੀ ਦੋ ਮਹੀਨੇ ਦੀ ਮਾਸੂਮ ਬੇਟੀ ਨਿਸ਼ਿਕਾ ਸੀ। ਸ਼ੁੱਕਰਵਾਰ ਰਾਤ ਨੂੰ ਪਤੀ-ਪਤਨੀ ਆਪਣੀ ਬੇਟੀ ਨਾਲ ਕਮਰੇ ‘ਚ ਸੌਂ ਰਹੇ ਸਨ। ਠੰਡ ਤੋਂ ਬਚਣ ਲਈ ਉਨ੍ਹਾਂ ਨੇ ਰਾਤ ਨੂੰ ਕਮਰੇ ਵਿੱਚ ਹੀਟਰ ਚਲਾਇਆ ਹੋਇਆ ਸੀ। ਬੈੱਡ ਦੇ ਕੋਲ ਹੀਟਰ ਰੱਖਿਆ ਹੋਇਆ ਸੀ।
ਹੀਟਰ ਕਾਰਨ ਕਰੀਬ 1.30 ਵਜੇ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਅੱਗ ਉਨ੍ਹਾਂ ਦੀ ਰਜਾਈ ਤੱਕ ਪਹੁੰਚ ਗਈ। ਅੱਗ ਤੇਜ਼ੀ ਨਾਲ ਫੈਲ ਗਈ ਅਤੇ ਤਿੰਨੋਂ ਜਣੇ ਅੱਗ ਦੀ ਲਪੇਟ ਵਿਚ ਆ ਗਏ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਪਰ ਉਦੋਂ ਤੱਕ ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ। ਕੋਈ ਕੁਝ ਨਹੀਂ ਕਰ ਸਕਿਆ। ਬਾਅਦ ਵਿੱਚ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਉੱਥੇ ਦੀਪਕ ਅਤੇ ਉਸ ਦੀ ਬੇਟੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਗੰਭੀਰ ਜ਼ਖਮੀ ਸੰਜੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਉਹ ਵੀ 80 ਫੀਸਦੀ ਤੋਂ ਵੱਧ ਝੁਲਸ ਗਈ ਸੀ। ਇਸ ਤੋਂ ਬਾਅਦ ਐਤਵਾਰ ਨੂੰ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।