ਚੰਡੀਗੜ੍ਹ| ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸੂਬੇ ਨੂੰ ਵਾਈਲਡ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਐਤਵਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਾਲ 2023 ਲਈ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪਲਸ ਪੋਲੀਓ ਮੁਹਿੰਮ 28 ਮਈ ਤੋਂ 30 ਮਈ ਤੱਕ ਚਲਾਈ ਜਾਵੇਗੀ।

ਪਲਸ ਪੋਲੀਓ ਮੁਹਿੰਮ ਦੀ ਮਹੱਤਤਾ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸੂਬੇ ਜਾਂ ਦੇਸ਼ ਵਿਚ ਵਾਈਲਡ ਪੋਲੀਓ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਪੋਲੀਓ ਦਾ ਆਖਰੀ ਕੇਸ ਅਕਤੂਬਰ 2009 ਵਿਚ ਲੁਧਿਆਣਾ ਵਿਖੇ ਸਾਹਮਣੇ ਆਇਆ ਸੀ, ਪਰ ਪੰਜਾਬ ਵਿਚ ਅਜੇ ਵੀ ਆਪਣੇ ਗੁਆਂਢੀ ਦੇਸ਼ਾਂ ਖਾਸ ਕਰਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਪੋਲੀਓ ਵਾਇਰਸ ਦਾ ਖਤਰਾ ਬਣਿਆ ਹੋਇਆ ਹੈ।

ਇਹੀ ਕਾਰਨ ਹੈ ਕਿ ਰਾਜ ਵਿੱਚ ਸਮੇਂ-ਸਮੇਂ ‘ਤੇ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੋਲੀਓ ਵਾਇਰਸ ਆਉਣ ਦੀ ਸੰਭਾਵਨਾ ਦੇ ਖਤਰੇ ਨੂੰ ਦੇਖਦਿਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।

ਦੱਸ ਦੇਈਏ ਕਿ ਗੁਆਂਢੀ ਦੇਸ਼ ਪਾਕਿਸਤਾਨ ਤੋਂ ਪਿਛਲੇ ਕੁਝ ਸਾਲਾਂ ਵਿੱਚ ਪੋਲੀਓ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਨ ਵਾਲੇ ਵਿਅਕਤੀਆਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਅਟਾਰੀ ਸਰਹੱਦ ‘ਤੇ ਟਰਾਂਜ਼ਿਟ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣ ਮੌਕੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਚੌਂਕੀ ਵਿਖੇ ਟੀਕਾਕਰਨ ਸਥਾਨ ਬਣਾਏ ਗਏ ਹਨ।