ਰਾਜਸਥਾਨ, 29 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਡੂੰਗਰਪੁਰ ‘ਚ ਦੇਰ ਰਾਤ ਦਰਦਨਾਕ ਸੜਕ ਹਾਦਸਾ ਵਾਪਰਿਆ। ਕੰਟੇਨਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕਾਰ ‘ਚ ਜਾ ਰਹੇ ਤਿੰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਤਿੰਨੋਂ ਇਕ ਵਿਆਹ ਤੋਂ ਘਰ ਪਰਤ ਰਹੇ ਸਨ।
ਬਿਛੀਵਾੜਾ ਥਾਣੇ ਦੇ ਹੈੱਡ ਕਾਂਸਟੇਬਲ ਸ਼ਿਸ਼ੂਪਾਲ ਸਿੰਘ ਨੇ ਦੱਸਿਆ ਕਿ ਪੰਕਜ 25 ਸਾਲ ਪੁੱਤਰ ਰਾਕੇਸ਼ ਡਾਮੋਰ, ਅਕਸ਼ੈ 27 ਸਾਲ ਪੁੱਤਰ ਪ੍ਰਵੀਨ ਅਤੇ ਮਹੇਸ਼ 26 ਸਾਲ ਪੁੱਤਰ ਦੇਵਚੰਦ ਦਾਮੋਰ ਵਾਸੀ ਥਾਣਾ ਖੇਤਰ ਭੂਵਾਲੀ, ਚਚੇਰੇ ਭਰਾ ਸਨ। ਤਿੰਨੋਂ ਮੰਗਲਵਾਰ ਨੂੰ ਕੋਤਵਾਲੀ ਥਾਣਾ ਖੇਤਰ ਦੇ ਕੁਸ਼ਲ ਮੰਗਰੀ ਪਿੰਡ ‘ਚ ਕਿਸੇ ਰਿਸ਼ਤੇਦਾਰ ਦੇ ਵਿਆਹ ‘ਚ ਗਏ ਹੋਏ ਸਨ।
ਰਾਤ ਕਰੀਬ 1 ਵਜੇ ਸ਼ਿਸ਼ੌਦ ਪਿੰਡ ਨੇੜੇ ਪਿੱਛੇ ਤੋਂ ਆ ਰਹੇ ਇਕ ਕੰਟੇਨਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਟੇਨਰ ਕਾਰ ਨੂੰ ਕਰੀਬ 30 ਫੁੱਟ ਤੱਕ ਘਸੀਟਦਾ ਲੈ ਗਿਆ। ਹਾਦਸੇ ‘ਚ ਕਾਰ ਸਵਾਰ ਪੰਕਜ, ਅਕਸ਼ੈ ਅਤੇ ਮਹੇਸ਼ ਦੇ ਸਿਰ, ਹੱਥਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਹੇਸ਼ ਗ੍ਰੈਜੂਏਸ਼ਨ ਕਰ ਰਿਹਾ ਸੀ, ਅਕਸ਼ੈ ਆਈਟੀਆਈ ਪਾਸ ਅਤੇ ਪੰਕਜ 12ਵੀਂ ਪਾਸ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਬਿਛੀਵਾੜਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਡੂੰਗਰਪੁਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਬੁੱਧਵਾਰ ਸਵੇਰੇ ਪੋਸਟਮਾਰਟਮ ਕਰਵਾ ਕੇ ਲਾ.ਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਹੈੱਡ ਕਾਂਸਟੇਬਲ ਨੇ ਦੱਸਿਆ ਕਿ ਡਰਾਈਵਰ ਕੰਟੇਨਰ ਨੂੰ ਛੱਡ ਕੇ ਫਰਾਰ ਹੋ ਗਿਆ। ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।