ਚੰਡੀਗੜ੍ਹ, 27 ਨਵੰਬਰ| ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ। ਕਈ ਥਾਵਾਂ ‘ਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਲੋਕਾਂ ਨੂੰ ਖਾਸ ਕਰਕੇ ਸਵੇਰ ਵੇਲੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿਤੀ ਹੈ। ਮੰਗਲਵਾਰ ਤੋਂ ਮੌਸਮ ਫਿਰ ਖੁਸ਼ਕ ਹੋ ਜਾਵੇਗਾ। ਐਤਵਾਰ ਨੂੰ ਪੰਜਾਬ ‘ਚ ਦਿਨ ਦੇ ਤਾਪਮਾਨ ‘ਚ 0.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਪਠਾਨਕੋਟ ਦਾ ਸਭ ਤੋਂ ਵੱਧ ਤਾਪਮਾਨ 26.4 ਡਿਗਰੀ ਰਿਹਾ। ਜਦੋਂਕਿ ਗੁਰਦਾਸਪੁਰ ਵਿੱਚ ਸਭ ਤੋਂ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ।

ਮਾਹਿਰਾਂ ਅਨੁਸਾਰ, ਮੀਂਹ ਤੋਂ ਬਾਅਦ AQI ਪੱਧਰ ਵਿੱਚ ਵੀ ਸੁਧਾਰ ਹੋ ਸਕਦਾ ਹੈ, ਕਿਉਂਕਿ ਇਹ ਹਵਾ ਵਿੱਚ ਮੌਜੂਦ ਧੂੜ ਦੇ ਬਾਰੀਕ ਕਣਾਂ ਨੂੰ ਸਾਫ਼ ਕਰ ਦੇਵੇਗਾ। ਧਿਆਨ ਯੋਗ ਹੈ ਕਿ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਪੰਜਾਬ ਦਾ ਮਾਹੌਲ ਅਜੇ ਵੀ ਪ੍ਰਦੂਸ਼ਿਤ ਹੈ। ਜ਼ਿਆਦਾਤਰ ਸ਼ਹਿਰਾਂ ਦਾ AQI ਖਰਾਬ ਸ਼੍ਰੇਣੀ ‘ਚ ਆ ਰਿਹਾ ਹੈ।