ਮੋਗਾ| ਮੋਗਾ ਵਿੱਚ ਦੇਰ ਰਾਤ ਹਰਿਦੁਆਰ ਤੋਂ ਬਾਘਾਪੁਰਾਣਾ ਜਾ ਰਹੇ ਸ਼ਿਵ ਭਗਤਾਂ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ। ਦਰਅਸਲ, ਮੋਗਾ ਕੋਟਕਪੂਰਾ ਬਾਈਪਾਸ ਨੇੜੇ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਂਵੜੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਵਿਸ਼ਵ ਹਿੰਦੂ ਪ੍ਰੀਸ਼ਦ ਨੇ CM ਨੂੰ ਕੀਤੀ ਸ਼ਿਕਾਇਤ

ਕਾਂਵੜੀਆਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕੜੀ ਨਿੰਦਾ ਕੀਤੀ ਹੈ। ਉਥੇ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਘਟਨਾ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਮਾਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ ਅਤੇ ਡੀਜੀਪੀ ਪੰਜਾਬ, ਗੌਰਵ ਯਾਦਵ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ।

ਹਰਿਦੁਆਰ ਤੋਂ ਕਾਂਵੜ ਲੈ ਕੇ ਬਾਘਾਪੁਰਾਣਾ ਆ ਰਹੇ ਸੀ ਸ਼ਿਵ ਭਗਤ

ਜਾਣਕਾਰੀ ਮੁਤਾਬਕ ਕੁਝ ਵਿਅਕਤੀ ਹਰਿਦੁਆਰ ਤੋਂ ਕਾਂਵੜ ਲੈ ਕੇ ਕਾਰ ਵਿੱਚ ਬਾਘਾਪੁਰਾਣਾ ਵੱਲ ਆ ਰਹੇ ਸਨ। ਕਾਰ ਵਿੱਚ ਡੀਜੇ ਵੱਜ ਰਿਹਾ ਸੀ ਤੇ ਕੁਝ ਲੋਕ ਗੱਡੀ ਵਿੱਚ ਸਵਾਰ ਸਨ ਅਤੇ ਕੁਝ ਲੋਕ ਪੈਦਲ ਜਾ ਰਹੇ ਸਨ। ਦੇਰ ਰਾਤ ਕਰੀਬ ਇੱਕ ਵਜੇ ਕਾਂਵੜੀਆਂ ਦੀ ਗੱਡੀ ਜਦੋਂ ਚਿੜਿਕ ਰੋਡ ਬਾਈਪਾਸ ਕੋਲ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਕਾਂਵੜੀਆਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਪੈਦਲ ਚੱਲਣ ਵਾਲਿਆਂ ਨੂੰ ਸੱਟਾਂ ਲੱਗੀਆਂ।

ਘਟਨਾ ਤੋਂ ਬਾਅਦ ਲੋਕਾਂ ਨੇ ਮੁਲਜ਼ਮ ਕਾਰ ਚਾਲਕ ਨੂੰ ਫੜ ਕੇ ਮੌਕੇ ‘ਤੇ ਹੀ ਉਸ ਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮੁਲਜ਼ਮ ਕਾਰ ਚਾਲਕ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੀ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਕਾਂਵੜੀਆਂ ਵਿਚਕਾਰ ਹੱਥੋਪਾਈ ਹੋ ਗਈ।

ਪੁਲਿਸ ਵੱਲੋਂ ਕਾਂਵੜੀਆਂ ‘ਤੇ ਲਾਠੀਚਾਰਜ

ਜਦੋਂ ਕਾਂਵੜੀਆਂ ਨੇ ਗੱਲ ਨਾ ਮੰਨੀ ਤਾਂ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ। ਕਾਂਵੜ ਨੂੰ ਲੈ ਕੇ ਜਾ ਰਹੇ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਕਾਰ ਚਾਲਕ ਨੇ ਤੇਜ਼ ਰਫਤਾਰ ਨਾਲ ਆ ਕੇ ਕਾਂਵੜ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹੰਗਾਮੇ ਮਗਰੋਂ ਪੁਲਿਸ ਨੇ ਕਾਂਵੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦਕਿ ਜ਼ਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।