ਨਵੀਂ ਦਿੱਲੀ | ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਲ-ਕਾਇਦਾ ਨੇ ਅਤੀਕ-ਅਸ਼ਰਫ ਕਤਲ ਕੇਸ ਦਾ ਬਦਲਾ ਲੈਣ ਲਈ ਭਾਰਤ ਵਿਚ ਹਮਲਿਆਂ ਦੀ ਧਮਕੀ ਦੇਣ ਵਾਲਾ 7 ਪੰਨਿਆਂ ਦਾ ਮੈਗਜ਼ੀਨ ਜਾਰੀ ਕੀਤਾ ਹੈ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸ਼ੁੱਕਰਵਾਰ ਨੂੰ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਲਜ਼ਾਮ ਲਾਇਆ ਕਿ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੀ ਹੱਤਿਆ ਕਰਨ ਵਾਲੇ ਨੌਜਵਾਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੇ ਚੇਲੇ ਹਨ। ਇਹ ਲੋਕ ਮੌਜੂਦਾ ਸੱਤਾਧਾਰੀ ਪਾਰਟੀ ਦੇ ਦਹਿਸ਼ਤੀ ਮਡਿਊਲ ਦਾ ਹਿੱਸਾ ਹਨ। ਓਵੈਸੀ ਨੇ ਪੁੱਛਿਆ ਕਿ ਇਨ੍ਹਾਂ ਲੜਕਿਆਂ ਖਿਲਾਫ UAPA ਕਿਉਂ ਨਹੀਂ ਲਗਾਇਆ ਗਿਆ। ਜਿਵੇਂ ਕਿ ਮੀਡੀਆ ਦੱਸ ਰਿਹਾ ਹੈ ਕਿ ਅਪਰਾਧੀ ਗਰੀਬ ਪਰਿਵਾਰਾਂ ਦੇ ਹਨ, ਫਿਰ ਉਨ੍ਹਾਂ ਨੂੰ ਅੱਠ ਲੱਖ ਰੁਪਏ ਦੇ ਰਿਵਾਲਵਰ ਕਿਵੇਂ ਮਿਲੇ।