ਲੁਧਿਆਣਾ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਖੇੜੀ ਇਲਾਕੇ ਵਿਚ ਕਤਲ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਹੋਈ ਹੈ। ਅਣਪਛਾਤੇ ਕਾਤਲ ਨੇ ਇਕ ਅਧੇੜ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਬਾਕਸ ਬੈਡ ਰੱਖ ਕੇ ਉਸ ਨੂੰ ਅੱਗ ਲਗਾ ਦਿੱਤੀ। ਇਕ ਰਾਹਗੀਰ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਰੇਤ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਿੰਡ ਖੇੜੀ ਦੇ ਰਹਿਣ ਵਾਲੇ ਭਰਪੂਰ ਸਿੰਘ ਨੇ ਦੱਸਿਆ ਕਿ ਉਹ ਨਿੱਜੀ ਕੰਮ ਲਈ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਖੇੜੀ ਤੋਂ ਠੱਕਰਵਾਲ ਵੱਲ ਨੂੰ ਜਾ ਰਿਹਾ ਸੀ। ਦੁਪਹਿਰ 12 ਵਜੇ ਦੇ ਕਰੀਬ ਜਿਵੇਂ ਹੀ ਉਹ ਸੂਏ ਦੇ ਪੁਲ ਲਾਗੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇਕ ਬਾਕਸ ਨੂੰ ਅੱਗ ਲੱਗੀ ਹੋਈ ਸੀ। ਪਤਾ ਲੱਗਾ ਕਿ ਕਿਸੇ ਵਿਅਕਤੀ ਨੇ ਬੈੱਡ ਵਿਚ ਲਾਸ਼ ਰੱਖ ਕੇ ਅੱਗ ਲਗਾ ਦਿੱਤੀ ਸੀ। ਉਸ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਰੇਤ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਕਿਸੇ ਵਿਅਕਤੀ ਨੇ ਅਣਪਛਾਤੇ ਅਧੇੜ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਉਧਰੋਂ ਇਸ ਮਾਮਲੇ ਵਿਚ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਧਸੜੀ ਲਾਸ਼ ਨੂੰ ਸ਼ਨਾਖਤ ਲਈ ਮੌਰਚਰੀ ਵਿਚ ਰਖਵਾ ਦਿੱਤਾ ਹੈ। 72 ਘੰਟਿਆਂ ਦੀ ਸ਼ਨਾਖਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਕਾਤਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਸ ਕੇਸ ਦੇ ਕਈ ਤੱਥ ਸਾਹਮਣੇ ਆ ਸਕਦੇ ਹਨ ।