ਲੁਧਿਆਣਾ | ਬੀਤੀ ਰਾਤ 12:30 ਵਜੇ ਚਾਰ ਬਾਈਕ ਸਵਾਰ ਨੌਜਵਾਨਾਂ ਦੀ ਟੱਕਰ ਹੋ ਗਈ। ਦੋ ਬਾਈਕ ‘ਤੇ ਚਾਰ ਨੌਜਵਾਨ ਜਾ ਰਹੇ ਸਨ। ਦੋਵੇਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਤੇਜ਼ ਰਫ਼ਤਾਰ ਹੋਣ ਕਾਰਨ ਚਾਰੇ ਨੌਜਵਾਨ ਖ਼ੂਨ ਨਾਲ ਲੱਥਪੱਥ ਸੜਕ ’ਤੇ ਡਿੱਗੇ ਪਏ ਸਨ। ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਤਿੰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਨੌਜਵਾਨ ਰਸੋਈਏ ਦਾ ਕੰਮ ਕਰਦਾ ਸੀ। ਉਸ ਦੀ ਪਛਾਣ ਰੋਹਿਤ ਵਾਸੀ ਜ਼ਿਲਾ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਸ ਦੇ ਜ਼ਖਮੀ ਸਾਥੀ ਰਾਜ ਕੁਮਾਰ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਹੈ । ਬਾਕੀ ਜ਼ਖਮੀਆਂ ਦੇ ਨਾਂ ਮੁਖਵਿੰਦਰ ਸਿੰਘ ਅਤੇ ਵਿੱਕੀ ਹਨ। ਮੁਖਵਿੰਦਰ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਉਸ ਦੇ ਦੋਸਤ ਵਿੱਕੀ ਦਾ ਨੱਕ ਟੁੱਟ ਗਿਆ ਹੈ।
ਜਾਣਕਾਰੀ ਦਿੰਦਿਆਂ ਰਾਹਗੀਰ ਔਰਤ ਨੈਨਸੀ ਵਿਰਦੀ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਕਿਸੇ ਕੰਮ ਲਈ ਜਾ ਰਹੀ ਸੀ। ਜਨਪਥ ਨਹਿਰ ਨੇੜੇ ਭਾਰੀ ਭੀੜ ਸੀ। ਉਸ ਨੇ ਦੇਖਿਆ ਕਿ ਸੜਕ ‘ਤੇ 3 ਨੌਜਵਾਨ ਜ਼ਖਮੀ ਪਏ ਸਨ। ਇਕ ਨੌਜਵਾਨ ਨੂੰ ਪਹਿਲਾਂ ਵੀ ਕੋਈ ਲੈ ਗਿਆ ਸੀ। ਲੋਕਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਫੋਨ ਕੀਤਾ ਪਰ ਕਰੀਬ ਡੇਢ ਘੰਟੇ ਤੱਕ ਕੋਈ ਵੀ ਮੌਕੇ ‘ਤੇ ਨਹੀਂ ਪਹੁੰਚਿਆ
ਪੁਲਿਸ ਦਾ ਇੰਤਜ਼ਾਰ ਕਰਨ ਤੋਂ ਬਾਅਦ ਕੁਝ ਨੌਜਵਾਨ ਪੁਲਿਸ ਚੌਕੀ ਵਿਚ ਗਏ ਅਤੇ ਇਕ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਲੈ ਆਏ। ਉਸ ਪੁਲਿਸ ਵਾਲੇ ਨੇ ਬਹੁਤ ਸਹਿਯੋਗ ਦਿੱਤਾ। ਨੈਨਸੀ ਨੇ ਦੱਸਿਆ ਕਿ ਇਹ ਰਾਹਗੀਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਚੌਕੀ ਰਘੂਨਾਥ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਜ਼ਖਮੀ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।