ਗੁਰਦਾਸਪੁਰ। ਕਲਾਨੌਰ-ਬਟਾਲਾ ਮਾਰਗ ‘ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨੇੜੇ ਮਿੰਨੀ ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ 12 ਤੋਂ 15 ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇੱਕ ਨਿੱਜੀ ਮਿੰਨੀ ਬੱਸ ਦੇਰ ਸ਼ਾਮ ਬਟਾਲਾ ਤੋਂ ਕਲਾਨੌਰ ਆ ਰਹੀ ਸੀ ਤੇ ਪਿੰਡ ਦਲੇਰਪੁਰ ਨੇੜੇ ਕਲਾਨੌਰ ਸਾਈਡ ਵੱਲੋਂ ਆ ਰਹੀ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਬੱਸ ਵੀ ਪਲਟ ਗਈ ਤੇ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਵਾਹਨਾਂ ਦੀ ਟੱਕਰ ਹੋਣ ਦੀ ਆਵਾਜ਼ ਦੂਰ-ਦੂਰ ਤਕ ਸੁਣਾਈ ਦਿੱਤੀ ਤੇ ਲੋਕ ਹਾਦਸੇ ਵਾਲੀ ਥਾਂ ‘ਤੇ ਪੁੱਜੇ ਤੇ ਪਲਟੀ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ ਦੌਰਾਨ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ । ਕਾਰ ਚਾਲਕ ਦੀ ਪਹਿਚਾਣ ਬੀਐੱਸਐੱਫ ਦੇ ਹੌਲਦਾਰ ਪਰਮਜੀਤ ਸਿੰਘ ਪੁੱਤਰ ਗਰਮੀਤ ਸਿੰਘ ਸੇਵਾ ਮੁਕਤ ਥਾਣੇਦਾਰ ਵਾਸੀ ਨਾਨੋਹਰਨੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਕੁਝ ਦਿਨ ਪਹਿਲਾਂ ਹੀ ਛੁੱਟੀ ‘ਤੇ ਘਰ ਆਇਆ ਸੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ।