ਨਵੀਂ ਦਿੱਲੀ, 10 ਫਰਵਰੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਖਿਲਾਫ ਅਗਲੇ 3 ਟੈਸਟ ਮੈਚਾਂ ਦੀ ਸੀਰੀਜ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਜ਼ਖਮੀ ਹੋਏ ਕੇ.ਐੱਲ ਰਾਹੁਲ ਤੇ ਰਵਿੰਦਰ ਜਡੇਜਾ ਨੇ ਟੀਮ ਵਿਚ ਵਾਪਸੀ ਕਰ ਲਈ ਹੈ ਪਰ ਉਨ੍ਹਾਂ ਦੀ ਸਿਲੈਕਸ਼ਨ ਫਿਟਨੈੱਸ ਦੇ ਆਧਾਰ ‘ਤੇ ਕੀਤੀ ਜਾਵੇਗੀ। ਦੂਜੇ ਪਾਸੇ ਵਿਰਾਟ ਕੋਹਲੀ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ।

ਬੀਸੀਸੀਆਈ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਰਾਟ ਨਿੱਜੀ ਕਾਰਨਾਂ ਕਾਰਨ ਉਪਲਬਧ ਨਹੀਂ ਰਹਿਣਗੇ। 15 ਫਰਵਰੀ ਨੂੰ ਰਾਜਕੋਟ ਵਿਚ ਤੀਜਾ ਟੈਸਟ, 23 ਫਰਵਰੀ ਨੂੰ ਰਾਂਚੀ ਵਿਚ ਚੌਥਾ ਟੈਸਟ ਤੇ 7 ਮਾਰਚ ਨੂੰ ਧਰਮਸ਼ਾਲਾ ਵਿਚ ਪੰਜਵਾਂ ਟੈਸਟ ਮੈਚ ਖੇਡਿਆ ਜਾਵੇਗਾ।

ਟੀਮ ਵਿਚ ਭਾਵੇਂ ਹੀ ਰਵਿੰਦਰ ਜਡੇਜਾ ਤੇ ਕੇ.ਐੱਲ ਰਾਹੁਲ ਦੀ ਵਾਪਸੀ ਹੋ ਗਈ ਹੈ ਪਰ ਇਨ੍ਹਾਂ ਨੂੰ ਰਾਜਕੋਟ ਦੇ ਮੈਦਾਨ ‘ਤੇ ਤੀਜਾ ਟੈਸਟ ਖੇਡਣਾ ਮੁਸ਼ਕਲ ਹੋਵੇਗਾ। ਰਾਜਕੋਟ ਦੀ ਪਿੱਚ ਬੱਲੇਬਾਜ਼ੀ ਲਈ ਚੰਗੀ ਮੰਨੀ ਜਾਂਦੀ ਹੈ। ਅਜਿਹੇ ਵਿਚ ਭਾਰਤੀ ਟੀਮ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਨਾਲ ਮੈਦਾਨ ‘ਤੇ ਉਤਰਨਾ ਚਾਹੇਗੀ। ਅਜਿਹੇ ਵਿਚ ਸਪਿਨ ਖੇਮੇ ਵਿਚ ਫਿਲਹਾਲ ਅਕਸ਼ਰ ਪਟੇਲ, ਸੁੰਦਰ, ਕੁਲਦੀਪ ਯਾਦਵ ਤੇ ਅਸ਼ਵਿਨ ਵਿਚੋਂ ਕਿਸੇ 2 ਨੂੰ ਚੁਣਿਆ ਜਾ ਸਕਦਾ ਹੈ।