ਤਰਨਤਾਰਨ। 2 ਸਾਲ ਪਹਿਲਾਂ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਵਿਚ ਪੁੱਜਣ ਵਾਲਾ ਪਹਿਲਾ ਸਾਬਤ ਸੂਰਤ ਸਿੱਖ ਬਾਕਸਰ ਹਰਅੰਸ਼ ਸਿੰਘ ਬਣਿਆ ਸੀ। । ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਆਪਣੇ ਪਰਿਵਾਰ ਦੇ ਨਾਲ 4 ਕੁ ਸਾਲ ਪਹਿਲਾਂ ਹੀ ਇੰਡੀਆ ਤੋਂ ਇਥੇ ਆ ਕੇ ਵਸਿਆ ਹੈ।

ਇਸ ਨੌਜਵਾਨ ਨੇ ਸਿੱਖੀ ਸਰੂਪ ਬਣਾਈ ਰੱਖਿਆ ਹੋਇਆ ਹੈ, ਚਾਹੇ ਉਸ ਦੀ ਖੇਡ ਜ਼ੋਰ ਅਜ਼ਮਾਈ ਕਰਨ ਵਾਲੀ ਹੈ। ਹੁਣ 18 ਸਾਲਾ ਇਸ ਨੌਜਵਾਨ ਹਰਅੰਸ਼ ਸਿੰਘ ਨੇ ਬਾਕਸਿੰਗ ਦਾ ਸਫ਼ਰ ਅਗਲੇ ਪੜਾਅ ’ਤੇ ਪਹੁੰਚਾਉਂਦਿਆਂ ਫਿਰ ਇਥੇ ਵਸਦੇ ਅਤੇ ਸਮੁੱਚੇ ਸਿੱਖ ਭਾਈਚਾਰੇ ਦਾ ਨਾਂ ਹੋਰ ਉੱਚਾ ਕਰ ਦਿੱਤਾ ਹੈ।

ਨਿਊਜ਼ੀਲੈਂਡ ਵਿਚ ਪਹਿਲੀ ਵਾਰ ਹੋਇਆ ਕਿ ਇਕ ਸਿੱਖ ਬਾਕਸਰ ਹਰਅੰਸ਼ ਸਿੰਘ ਨੇ 63.5 ਕਿਲੋਗ੍ਰਾਮ ਵਰਗ ਅਧੀਨ ਨਾਰਥ ਆਈਲੈਂਡ ਗੋਲਡਨ ਗਲੋਬ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਿਆ ਹੈ।

ਇਸ ਨੌਜਵਾਨ ਦੀ ਚੋਣ ਹੁਣ ਆਕਲੈਂਡ ਸਟੇਟ ਟੀਮ ਵਿਚ ਵੀ ਹੋ ਗਈ ਹੈ ਅਤੇ ਇਹ ਅਕਤੂਬਰ ਮਹੀਨੇ ਹੋ ਰਹੀਆਂ ਨੈਸ਼ਨਲ ਖੇਡਾਂ ਵਿਚ ਔਕਲੈਂਡ ਦੀ ਨੁਮਾਇੰਦਗੀ ਕਰੇਗਾ।

ਇਹ ਵੀ ਇਥੇ ਪਹਿਲੀ ਵਾਰ ਹੋਵੇਗਾ ਕਿ ਬਾਕਸਿੰਗ ਵਿਚ ਇਕ ਸਿੱਖ ਬਾਕਸਰ ਅਗਵਾਈ ਕਰਦਾ ਵਿਖਾਈ ਦੇਵੇਗਾ। ਨਿਊਜ਼ੀਲੈਂਡ ਦੇ ਵਿਚ ਇਸ ਦਾ ਰੈਂਕ ਇਸ ਵੇਲੇ ਨੰਬਰ 2 ਹੈ। ਪਾਕੂਰੰਗਾ ਕਾਲਜ ਨੇ ਵੀ ਅਪਣੇ ਇਸ ਵਿਦਿਆਰਥੀ ਨੂੰ ਵਧਾਈ ਦਿੱਤੀ ਹੈ।