ਹਰੀਕੇ ਪੱਤਣ/ਤਰਨਤਾਰਨ | ਇਥੋਂ ਇਕ ਖਬਰ ਸਾਹਮਣੇ ਆਈ ਹੈ, ਜਿਸ ਵਿਚ ਪੁਲਿਸ ਵਾਲੇ ਘਰ ਹੀ ਚੋਰਾਂ ਨੇ ਚੋਰੀ ਕਰ ਲਈ। ਲੰਘੀ ਰਾਤ ਅਣਪਛਾਤਿਆਂ ਨੇ ਇਕ ਥਾਣੇਦਾਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ 26 ਤੋਲੇ ਸੋਨਾ ਤੇ 2 ਲੱਖ ਤੋਂ ਵੱਧ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆ ਸ਼ਮਸ਼ੇਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪਰਿਵਾਰਕ ਮੈਂਬਰ ਇਕ ਕਮਰੇ ਵਿਚ ਏਸੀ ਚਲਾ ਕੇ ਸੁੱਤੇ ਸਨ ਕਿ ਸਵੇਰੇ ਤੜਕਸਾਰ ਉਸਦੀ ਪਤਨੀ ਨੇ ਉੱਠ ਕੇ ਵੇਖਿਆ ਤਾਂ ਉਸਦਾ ਪਰਸ ਖਿੱਲਰਿਆ ਪਿਆ ਸੀ।

ਇਸ ਤੋਂ ਬਾਅਦ ਪੜਤਾਲ ਕਰਨ ’ਤੇ ਵੇਖਿਆ ਤਾਂ ਸਾਡੇ ਘਰ ’ਚੋਂ 26 ਤੋਲੇ ਸੋਨਾ ਤੇ 2 ਲੱਖ ਤੋਂ ਵੱਧ ਨਕਦੀ ਗ਼ਾਇਬ ਸੀ। ਉੁਨ੍ਹਾਂ ਦੱਸਿਆ ਕਿ ਅਣਛਾਤਿਆਂ ਨੇ ਖਿੜਕੀ ਦੀ ਗਰਿੱਲ ਤੋੜੀ ਤੇ ਸਟੋਰ ’ਚ ਪਈ ਪੇਟੀ ਦੇ ਤਾਲੇ ਤੋੜ ਕੇ ਸੋਨਾ ਚੋਰੀ ਕਰ ਲਿਆ। ਇਸ ਤੋਂ ਇਲਾਵਾ ਚੋਰਾਂ ਨੇ ਬਾਕੀ ਕਮਰਿਆਂ ਦੀ ਤਲਾਸ਼ੀ ਵੀ ਕੀਤੀ ਤੇ ਪਰਸਾਂ ’ਚੋਂ ਛੋਟੇ ਵੱਡੇ ਨੋਟ ਵੀ ਕੱਢ ਲਏ।

ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਜਾਬ ਪੁਲਿਸ ’ਚ ਬਤੌਰ ਥਾਣੇਦਾਰ ਪਟਿਆਲਾ ਵਿਖੇ ਸੇਵਾਵਾਂ ਦੇ ਰਹੇ ਹਨ। ਘਟਨਾ ਸਥਾਨ ’ਤੇ ਪਹੁੰਚੇ ਡੀਐੱਸਪੀ ਸਤਨਾਮ ਸਿੰਘ ਤੇ ਥਾਣਾ ਮੁਖੀ ਸੁਨੀਤਾ ਰਾਣੀ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਆਰੰਭ ਕੀਤੀ ਜਾ ਚੁੱਕੀ ਹੈ ਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।