ਤਰਨਤਾਰਨ। ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ ਇਕ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ (35) ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ ਵਜੋਂ ਹੋਈ ਹੈ। 

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ, ਜਿਸ ਦਾ ਮੀਆਂਵਿੰਡ ਦੇ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਇਲਾਜ ਵੀ ਚੱਲ ਰਿਹਾ ਸੀ। ਇਹ ਨੌਜਵਾਨ ਨਸ਼ਾ ਛੁਡਾਊ ਕੇਂਦਰ ਵਿਚੋਂ ਗੋਲੀਆਂ ਖਾਣ ਦੇ ਨਾਲ-ਨਾਲ ਚਿੱਟੇ ਦਾ ਨਸ਼ਾ ਵੀ ਲਗਾਤਾਰ ਕਰ ਰਿਹਾ ਸੀ।

ਨਸ਼ਿਆਂ ਨੇ ਇਸ ਨੌਜਵਾਨ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਗਿਆ ਸੀ। ਬੀਤੇ ਕੱਲ੍ਹ ਇਸ ਦੀ ਸਿਹਤ ਇਕਦਮ ਜ਼ਿਆਦਾ ਵਿਗੜ ਗਈ ਅਤੇ ਇਸ ਨੂੰ ਇਲਾਜ ਲਈ ਤਰਨਤਾਰਨ ਲਿਜਾਇਆ ਗਿਆ, ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਵਿਆਹਿਆ ਸੀ ਅਤੇ ਉਸ ਦਾ 15 ਸਾਲ ਦਾ ਲੜਕਾ ਵੀ ਹੈ।