ਪੱਟੀ/ਤਰਨਤਾਰਨ | ਇਥੋਂ ਇਕ ਪੁਲਿਸ ਉਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਦਾਜ ਮੰਗਣ ਦੇ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਟੀਮ ਨਾਲ ਧੱਕਾਮੁੱਕੀ ਕਰਨ ਦੇ ਇਲਜ਼ਾਮ ਤਹਿਤ 3 ਔਰਤਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਸੰਨ 2020 ਵਿਚ ਮੁਕੱਦਮਾ ਨੰਬਰ 199 ਦਾਜ ਐਕਟ ਅਧੀਨ ਦਰਜ ਕੀਤਾ ਗਿਆ ਸੀ। ਇਸ ਦਾ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਫਰਾਰ ਚੱਲ ਰਿਹਾ ਹੈ, ਇਸ ਸਬੰਧੀ ਬੀਤੇ ਦਿਨ ਥਾਣਾ ਸਦਰ ਪੱਟੀ ਦੀ ਪੁਲਿਸ ਥਾਣਾ ਹਰੀਕੇ ਦੀ ਪੁਲਿਸ ਨੂੰ ਨਾਲ ਲੈ ਕੇ ਪਿੰਡ ਬੂਹ ਹਵੇਲੀਆਂ ਵਿਚ ਪਹੁੰਚੀ।

ਜਦੋਂ ਪੁਲਿਸ ਮਨਪ੍ਰੀਤ ਸਿੰਘ ਦੇ ਘਰ ਗਈ ਤਾਂ ਘਰ ਵਿਚ ਮੌਜੂਦ ਔਰਤਾਂ ਨੇ ਪੁਲਿਸ ਨੂੰ ਘਰ ਦੀ ਤਲਾਸ਼ੀ ਲੈਣ ਅਤੇ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਜਦੋਂ ਪੁਲਿਸ ਘਰ ਦੀ ਤਲਾਸ਼ੀ ਲੈਣ ਲਈ ਅੱਗੇ ਵਧੀ ਤਾਂ ਉਕਤ ਮਹਿਲਾਵਾਂ ਨੇ ਪੁਲਿਸ ਪਾਰਟੀ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ ਅਤੇ ਹੋਮਗਾਰਡ ਜਵਾਨ ਗੁਰਭੇਜ ਸਿੰਘ ਦੀ ਵਰਦੀ ਨੂੰ ਹੱਥ ਪਾਇਆ।

ਇਸ ਦੌਰਾਨ ਉਸ ਦੀ ਵਰਦੀ ਦੇ ਬਟਨ ਤੋੜ ਦਿਤੇ ਅਤੇ ਥਾਣਾ ਹਰੀਕੇ ਦੀ ਐਸ.ਐਚ.ਓ. ਮੈਡਮ ਸੁਨੀਤਾ ਰਾਣੀ ਦੀ ਵਰਦੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਸਬੰਧੀ ਥਾਣਾ ਹਰੀਕੇ ਦੇ ਐਸ.ਐਚ.ਓ. ਸੁਨੀਤਾ ਰਾਣੀ ਨੇ ਦੱਸਿਆ ਕਿ ਪੁਲਿਸ ਵਲੋਂ 3 ਮਹਿਲਾਵਾਂ ਗੁਰਮੀਤ ਕੌਰ, ਕੁਲਬੀਰ ਕੌਰ ਅਤੇ ਸਮਾਇਲਪ੍ਰੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਉਕਤ ਮਹਿਲਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।