ਚੰਡੀਗੜ੍ਹ | ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਰਨਤਾਰਨ ਵਿੱਚ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਮਾਮਲੇ ’ਤੇ ਕਾਰਵਾਈ ਕਰਦਿਆਂ 5 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ ਦੇ ਸਿਹਤ ਵਿਭਾਗ ਵਿਖੇ ਫਰਜ਼ੀ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੁੱਲ 6 ਵਿਅਕਤੀਆਂ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦਿੱਤੀ ਗਈ। ਇਨਾਂ ਵਾਰਿਸਾਂ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਦੀ ਵੇਰੀਫੀਕੇਸ਼ਨ ਕਰਵਾਏ ਜਾਣ ਤੇ ਇਨਾਂ ਸਰਟੀਫਿਕੇਟ ਦੇ ਗਲਤ/ਜਾਅਲੀ ਹੋਣ ਬਾਰੇ ਪਤਾ ਲੱਗਾ ਜਿਸ ਉਪਰੰਤ ਇਨਾਂ ਦੀ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਗਈਆਂ। ਜਿਸ ’ਤੇ ਕਾਰਵਾਈ ਕਰਦਿਆਂ ਡਾਕਟਰ ਨਵੀਨ ਖੁੰਗਰ, ਐਸ.ਐਮ.ਓ., ਹਰਦਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨਤਾਰਨ ਆਰਜੀ ਡਿਊਟੀ ਸੀ.ਐਚ.ਸੀ. ਮਿਆਂਵਿੰਡ, ਰਵਿੰਦਰਪਾਲ ਸਿੰਘ ਸੀਨੀਅਰ ਸਹਾਇਕ, ਦਲਜੀਤ ਸਿੰਘ, ਸੁਪਰਡੈਂਟ, ਅਤੇ ਜਸਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨਤਾਰਨ ਨੂੰ ਮੁਅੱਤਲ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਪੂਰਵਲੇ ਸਿਵਲ ਸਰਜਨ, ਤਰਨਤਾਰਨ ਡਾ. ਅਨੂਪ ਕੁਮਾਰ (ਰਿਟਾਇਰਡ) ਵਿਰੁੱਧ ਵੀ ਸਹੀ ਤਰੀਕੇ ਨਾਲ ਡਿਊਟੀ ਨਾ ਕਰਨ ਕਰਕੇ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਅਤੇ ਪੜਤਾਲ ਰਿਪੋਰਟ ਵਿੱਚ ਮੁੱਖ ਰੂਪ ਵਿੱਚ ਪਾਏ ਗਏ ਦੋਸ਼ੀ ਕਰਮਚਾਰੀਆਂ/ਅਧਿਕਾਰੀਆਂ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਹਿੱਤ ਡਾਇਰੈਕਟਰ, ਸਿਹਤ ਸੇਵਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)