ਤਰਨਤਾਰਨ : ਕੈਨੇਡਾ ‘ਚ ਬੈਠੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਦੇ ਅੱਤਵਾਦੀ ਅਤੇ ਥਾਣੇ ‘ਤੇ ਆਰਪੀਜੀ ਹਮਲੇ ਦੇ ਮਾਸਟਰਮਾਈਂਡ ਲਖਬੀਰ ਸਿੰਘ ਹਰੀਕੇ ਨਾਲ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਤਾਇਨਾਤ ਏਐੱਸਆਈ ਪਰਮਦੀਪ ਸਿੰਘ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ]
ਇਸ ਮਾਮਲੇ ਵਿਚ ਸੀਆਈਏ ਸਟਾਫ ਦੇ ਏਐਸਆਈ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਗਿਆ ਹੈ। ਇਸ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਏਐਸਆਈ ਪਰਮਦੀਪ ਨੇ ਅੱਤਵਾਦੀ ਲਖਬੀਰ ਨਾਲ ਕਦੋਂ ਅਤੇ ਕਿੰਨੀ ਵਾਰ ਗੱਲ ਕੀਤੀ ਸੀ। ਲੈਬ ਵਿਚ ਮੋਬਾਈਲ ਦੀ ਜਾਂਚ ਤੋਂ ਬਾਅਦ ਸਾਰੀ ਗੱਲ ਸਾਫ ਹੋ ਜਾਵੇਗੀ।
ਏਐਸਆਈ ਪਰਮਦੀਪ ਜਾਂਚ ਵਿਚ ਸ਼ਾਮਲ ਹੋ ਗਏ ਹਨ। ਹਾਲਾਂਕਿ ਏਐਸਆਈ ਪਰਮਦੀਪ ਸਿੰਘ ਟੀਮ ਦੇ ਸਾਹਮਣੇ ਬਿਆਨ ਦਰਜ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਥੋੜ੍ਹੀ ਖਰਾਬ ਹੈ। ਸਰਹਾਲੀ ਥਾਣੇ ‘ਤੇ 9 ਦਸੰਬਰ ਨੂੰ ਰਾਕੇਟ ਪ੍ਰੋਪੇਲਡ ਗਰਨੇਡ (RPG) ਨਾਲ ਹਮਲਾ ਕੀਤਾ ਗਿਆ ਸੀ। ਇਸ ਦੀਆਂ ਤਾਰਾਂ KLF ਅੱਤਵਾਦੀ ਲਖਬੀਰ ਨਾਲ ਜੁੜੀਆਂ ਹੋਈਆਂ ਸਨ।
ਥਾਣੇ ‘ਤੇ ਹਮਲੇ ਤੋਂ ਬਾਅਦ ਲਖਬੀਰ ਦੀ ਤਰਨਤਾਰਨ ‘ਚ ਤਾਇਨਾਤ ਸੀਆਈਏ ਸਟਾਫ਼ ਦੇ ਏਐਸਆਈ ਪਰਮਦੀਪ ਸਿੰਘ ਨਾਲ ਕਰੀਬ 15 ਮਿੰਟ ਮੋਬਾਈਲ ‘ਤੇ ਗੱਲਬਾਤ ਹੋਈ। ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ‘ਤੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਮਾਮਲੇ ਦੀ ਜਾਂਚ ਐਸਪੀ (ਇਨਵੈਸਟੀਗੇਸ਼ਨ) ਵਿਸ਼ਾਲਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਏਐਸਆਈ ਪਰਮਦੀਪ ਸਿੰਘ ਦਾ ਪੁਲੀਸ ਵਿਭਾਗ ਵਿੱਚ ਪੁਰਾਣਾ ਰਿਕਾਰਡ ਚੰਗਾ ਰਿਹਾ ਹੈ।