ਯੂਪੀ, 24 ਦਸੰਬਰ| ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਕਾਨਪੁਰ ਦੇ ਮਕੈਨੀਕਲ ਇੰਜੀਨੀਅਰਿੰਗ ਦੇ 53 ਸਾਲਾ ਸੀਨੀਅਰ ਵਿਗਿਆਨੀ ਸਮੀਰ ਖਾਂਡੇਕਰ ਦੀ ਸਾਬਕਾ ਵਿਦਿਆਰਥੀ ਕਾਨਫਰੰਸ ਦੌਰਾਨ ਭਾਸ਼ਣ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਆਈਆਈਟੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਆਈਟੀ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਮਾਮਲਿਆਂ ਦੇ ਡੀਨ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਖਾਂਡੇਕਰ ਇਕੱਠ ਨੂੰ ਸੰਬੋਧਨ ਕਰਦਿਆਂ ਸਟੇਜ ਤੋਂ ਡਿੱਗ ਪਏ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਣ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਪ੍ਰੋਫੈਸਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, “ਇਹ ਪਤਾ ਲੱਗਾ ਹੈ ਕਿ ਖਾਂਡੇਕਰ ਦੀ ਲਗਭਗ ਪੰਜ ਸਾਲ ਪਹਿਲਾਂ ਉੱਚ ਕੋਲੇਸਟ੍ਰੋਲ ਦੀ ਜਾਂਚ ਕੀਤੀ ਗਈ ਸੀ।”

ਆਈਆਈਟੀ-ਕਾਨਪੁਰ ਦੇ ਸਾਬਕਾ ਡਾਇਰੈਕਟਰ ਅਭੈ ਕਰੰਦੀਕਰ ਨੇ ਦੱਸਿਆ ਕਿ ਖਾਂਡੇਕਰ ਲੈਕਚਰ ਦੇ ਰਹੇ ਸਨ ਜਦੋਂ ਉਨ੍ਹਾਂ ਨੂੰ ਛਾਤੀ ‘ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਪਸੀਨਾ ਆਉਣ ਲੱਗਾ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਖਾਂਡੇਕਰ ਸਟੇਜ ‘ਤੇ ਡਿੱਗ ਪਏ।

ਕਰੰਦੀਕਰ ਨੇ ਪੁਸ਼ਟੀ ਕੀਤੀ ਕਿ ਲਾਸ਼ ਨੂੰ ਸੰਸਥਾ ਦੇ ਸਿਹਤ ਕੇਂਦਰ ‘ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੇ ਇਕਲੌਤੇ ਪੁੱਤਰ ਪ੍ਰਵਾਹ ਖਾਂਡੇਕਰ, ਜੋ ਕਿ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ ‘ਚ ਪੜ੍ਹ ਰਹੇ ਹਨ, ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਾਜ਼ਰ ਲੋਕਾਂ ਨੇ ਕਿਹਾ ਕਿ ਪ੍ਰੋਫੈਸਰ ਖਾਂਡੇਕਰ ਦੇ ਆਖਰੀ ਸ਼ਬਦ ਸਨ ‘ਆਪਣੀ ਸਿਹਤ ਦਾ ਖਿਆਲ ਰੱਖੋ।’