ਲੁਧਿਆਣਾ, 8 ਅਕਤੂਬਰ | ਸਾਡੇ ਸਮਾਜ ਦਾ ਇੱਕ ਵਰਗ ਸ਼ੱਕ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਹੱਸਦੇ-ਖੇਡਦੇ ਪਰਿਵਾਰ ਨੂੰ ਕਦੋਂ ਨਜ਼ਰ ਲੱਗ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹੀ ਹੀ ਇੱਕ ਵੱਡੀ ਘਟਨਾ ਸਾਹਨੇਵਾਲ ਥਾਣਾ ਗਿਆਸਪੁਰਾ ਇਲਾਕੇ ਵਿਚ ਵਾਪਰੀ ਹੈ, ਜਿੱਥੇ ਇੱਕ ਪਤੀ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਗਿਆਸਪੁਰਾ ਦੇ ਇੰਚਾਰਜ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਕੱਲ ਨਿਊ ਰਾਮ ਨਗਰ ਗਲੀ ਨੰ. 12 ‘ਚ ਰਹਿਣ ਵਾਲੇ ਜੋੜੇ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਐਸ.ਐਚ.ਓ ਧਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਜੋੜੇ ਦਾ ਬੇਟਾ ਘਰ ਆਇਆ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਪਤੀ ਦੀ ਲਾਸ਼ ਇਕ ਕਮਰੇ ‘ਚ ਪਈ ਸੀ ਤੇ ਦੂਜੇ ਕਮਰੇ ‘ਚ ਪਤਨੀ ਦੀ ਲਾਸ਼ ਪਈ ਸੀ। ਅਮਰਜੀਤ ਸਿੰਘ ਤੇ ਉਸ ਦੀ ਪਤਨੀ ਮਮਤਾ ਦਾ ਕਰੀਬ 19 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਤੋਂ ਉਸ ਦੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਇਕ ਕਰੀਬ 17 ਸਾਲ ਦਾ ਅਤੇ ਦੂਜਾ ਕਰੀਬ 13 ਸਾਲ ਦਾ ਹੈ, ਜੋ ਕਿ ਸੁਖੀ ਪਰਿਵਾਰ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦਾ ਆਪਣਾ ਘਰ ਸੀ ਅਤੇ ਉਹ ਇੱਕ ਫੈਕਟਰੀ ਵਿਚ ਚੰਗੀ ਨੌਕਰੀ ਕਰਦਾ ਸੀ। ਕਿਸੇ ਗੱਲ ‘ਤੇ ਸ਼ੱਕ ਹੋਣ ‘ਤੇ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਪਹਿਲਾਂ ਉਸ ਨੇ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਦੂਜੇ ਕਮਰੇ ਵਿਚ ਚਲਾ ਗਿਆ ਅਤੇ ਪੱਖੇ ਨਾਲ ਰੱਸੀ ਦਾ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐਸਐਚਓ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਅਮਰਜੀਤ ਸਿੰਘ ਦੇ ਪਿਤਾ ਹੁਕਮ ਸਿੰਘ ਦੇ ਬਿਆਨਾਂ ’ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।