ਅੰਮ੍ਰਿਤਸਰ | ਛੇਹਰਟਾ ਦੀ ਧੱਕਾ ਕਾਲੋਨੀ ‘ਚ ਪੁਰਸ਼ੋਤਮ ਲਾਲ (60) ਨੇ ਆਪਣੇ ਘਰ ਵਿਚ ਫਾਹਾ ਲਾ ਕੇ ਐਤਵਾਰ ਸਵੇਰੇ ਜਾਨ ਦੇ ਦਿੱਤੀ। ਉਹ ਲਾਕਡਾਊਨ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਸਨ। ਪਰਿਵਾਰ ਨੇ ਦੱਸਿਆ ਕਿ ਉਹ ਆਪਣੀ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਬੰਦ ਹੋਣ ਜਾਣ ਕਾਰਨ ਤਣਾਅ ‘ਚ ਰਹਿੰਦੇ ਸਨ। ਪੁਲਿਸ ਮਾਮਲੇ ‘ਚ ਅਗਲੇਰੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੀ ਮੌਤ ਨਾਲ ਪੂਰੀ ਕਾਲੋਨੀ ਸਦਮੇ ‘ਚ ਹੈ। ਸਵੇਰੇ ਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸੋਗ ਕਰਨ ਵਾਲਿਆਂ ਦੀ ਭੀੜ ਜਮ੍ਹਾਂ ਹੋ ਗਈ।

ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲੈ ਲਈ ਹੈ। ਛੇਹਰਟਾ ਥਾਣਾ ਇੰਚਾਰਜ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਤੇ ਕਰੀਬੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੁਰਸੋਤਮ ਲਾਲ ਪਿਛਲੇ ਕਈ ਸਾਲਾਂ ਤੋਂ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕਰਦੇ ਹਨ। ਉਹ ਤਿੰਨ ਭਰਾ ਹਨ ਤੇ ਦੋ ਭਰਾਵਾਂ ਦਾ ਵਿਆਹ ਹੋ ਚੁੱਕਾ ਹੈ। ਕੋਰੋਨਾ ਕਾਲ ‘ਛ ਪਿਤਾ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ ਸੀ। ਦੋਵੇਂ ਭਰਾ ਵੀ ਕੰਮ ‘ਤੇ ਨਹੀਂ ਜਾ ਰਹੇ ਸਨ। ਪਿਤਾ ਨੇ ਪ੍ਰਿੰਟਿੰਗ ਮਸ਼ੀਨ ਧੱਕਾ ਕਾਲੋਨੀ ਦੇ ਇਕ ਹੋਰ ਪਲਾਟ ‘ਚ ਲਗਾਈ ਹੋਈ ਸੀ। ਅਕਸਰ ਰਾਤ ਵੇਲੇ ਉਨ੍ਹਾਂ ਦੇ ਪਿਤਾ ਪਲਾਟ ‘ਚ ਜਾ ਕੇ ਸੌਂ ਜਾਂਦੇ ਸਨ। ਸ਼ਨਿਚਰਵਾਰ ਰਾਤ ਵੀ ਉਹ ਪ੍ਰੈੱਸ ਵਾਲੇ ਕਮਰ ‘ਚ ਜਾ ਕੇ ਆਰਾਮ ਕਰਨ ਲੱਗੇ। ਸਵੇਰੇ ਜਦੋਂ ਉਹ ਘਰ ਨਹੀਂ ਆਏ ਤਾਂ ਉਹ ਪਲਾਟ ਪਹੁੰਚ ਗਏ। ਉਨ੍ਹਾਂ ਦੇਖਿਆ ਕਿ ਪਿਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ। ਉਨ੍ਹਾਂ ਤੁਰੰਤ ਪਰਿਵਾਰ ਤੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।