ਅੰਮ੍ਰਿਤਸਰ | ਸ਼ੁੱਕਰਵਾਰ ਦੁਪਹਿਰ ਨੂੰ ਗੋਲੀ ਮਾਰ ਕੇ ਕਤਲ ਕੀਤੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਬੇਟੇ ਪਾਰਸ ਸੂਰੀ ਨੇ ਵੱਡਾ ਐਲਾਨ ਕੀਤਾ ਹੈ। ਪਾਰਸ ਸੂਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਇਕ ਪਾਸੇ ਹਿੰਦੂ ਸੰਗਠਨਾਂ ਨੇ ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਦੂਜੇ ਪਾਸੇ ਸੁਧੀਰ ਸੂਰੀ ਦੇ ਬੇਟੇ ਪਾਰਸ ਦੀ ਮੰਗ ‘ਤੇ ਸਾਰੀਆਂ ਹਿੰਦੂ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਪਾਰਸ ਸੂਰੀ ਦਾ ਕਹਿਣਾ ਹੈ ਕਿ ਸੁਧੀਰ ਸੂਰੀ, ਜੋ ਸਾਰੀ ਉਮਰ ਹਿੰਦੂਆਂ ਲਈ ਲੜਦੇ ਰਹੇ, ਉਹ ਅੱਜ ਵੀ ਉਨ੍ਹਾਂ ਵਿਚਾਲੇ ਜ਼ਿੰਦਾ ਹਨ। ਪਾਰਸ ਸੂਰੀ ਵੱਲੋਂ ਆਪਣੇ ਪਿਤਾ ਲਈ ਮੰਗੇ ਗਏ ਸ਼ਹੀਦ ਦਾ ਦਰਜਾ ਦੇਣ ਲਈ ਸਾਰੀਆਂ ਜਥੇਬੰਦੀਆਂ ਨੇ ਹਾਮੀ ਭਰੀ ਹੈ ਅਤੇ ਉਨ੍ਹਾਂ ਦੀ ਲੜਾਈ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।

ਦੱਸ ਦਈਏ ਕਿ ਸੂਰੀ ਦੀ ਲਾਸ਼ ਨੂੰ ਸਿਵਲ ਹਸਪਤਾਲ ਤੋਂ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ‘ਚ ਲਿਆਂਦਾ ਗਿਆ ਸੀ ਪਰ ਪੋਸਟਮਾਰਟਮ ਤੋਂ ਪਹਿਲਾਂ ਪਰਿਵਾਰ ਨੇ ਚਾਰ ਮੰਗਾਂ ਰੱਖ ਦਿੱਤੀਆਂ ਹਨ। ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਸੀਬੀਆਈ ਜਾਂਚ ਕਰਵਾਈ ਜਾਵੇ, ਏਸੀਪੀ ਨਾਰਥ ਅਤੇ 2 ਐਸਐਚਓਜ਼ ਨੂੰ ਮੁਅੱਤਲ ਕਰ ਦਿੱਤਾ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ।