ਲੁਧਿਆਣਾ | ਜਗਰਾਉਂ ‘ਚ ਮੁੱਲਾਪੁਰ ਦਾਖਾ ਤੋਂ ਪੈਦਲ ਘਰ ਜਾ ਰਹੇ ਪਿਓ-ਪੁੱਤ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਗੰਭੀਰ ਜ਼ਖਮੀ ਪਿਤਾ ਦੀ ਪੁੱਤਰ ਦੇ ਸਾਹਮਣੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਖਤਿਆਰ ਸਿੰਘ ਵਾਸੀ ਪਿੰਡ ਹਿੱਸੋਵਾਲ ਵਜੋਂ ਹੋਈ ਹੈ। ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਦਾਖਾ ਦੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਮਨਜੀਤ ਸਿੰਘ ਵਾਸੀ ਪਿੰਡ ਹਿੱਸੋਵਾਲ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਪਿਤਾ ਕਿਸੇ ਕੰਮ ਲਈ ਮੰਡੀ ਮੁੱਲਾਪੁਰ ਆਇਆ ਹੋਇਆ ਸੀ। ਇਸ ਦੌਰਾਨ ਉਹ ਕਿਸੇ ਕੰਮ ਲਈ ਮੁੱਲਾਪੁਰ ਵੀ ਆਇਆ ਸੀ, ਜਿਸ ਕਾਰਨ ਉਹ ਅਤੇ ਉਸ ਦਾ ਪਿਤਾ ਆਪਣਾ ਕੰਮ ਖਤਮ ਕਰ ਕੇ ਘਰ ਵੱਲ ਨੂੰ ਜਾ ਰਹੇ ਸਨ।

ਜਿਵੇਂ ਹੀ ਉਹ ਰਾਏਕੋਟ ਰੋਡ ‘ਤੇ ਨਵੀਂ ਦਾਣਾ ਮੰਡੀ ਨੇੜੇ ਸ਼ਰਾਬ ਦੇ ਠੇਕੇ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਸਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਸੜਕ ‘ਤੇ ਡਿੱਗ ਪਿਆ ਅਤੇ ਸੜਕ ‘ਤੇ ਸਿਰ ‘ਚ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਉਸ ਨੇ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਦੇ ਪਿਤਾ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ।

ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਹਾਦਸੇ ਤੋਂ ਬਾਅਦ ਥਾਣਾ ਦਾਖਾ ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।