ਨਵੀਂ ਦਿੱਲੀ, 3 ਜਨਵਰੀ | ਦੂਜੇ ਟੈਸਟ ਵਿਚ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 55 ਦੌੜਾਂ ‘ਤੇ ਆਲ ਆਊਟ ਹੋ ਗਈ। ਇਹ ਅਫਰੀਕਾ ਦਾ ਸਭ ਤੋਂ ਘੱਟ ਸਕੋਰ ਹੈ। ਮੁਹੰਮਦ ਸਿਰਾਜ ਨੇ 6 ਵਿਕਟਾਂ ਲੈ ਕੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਟੈਸਟ ‘ਚ ਸਭ ਤੋਂ ਘੱਟ ਸਕੋਰ ਟੀਮ ਇੰਡੀਆ ਨੇ 1996 ‘ਚ ਬਣਾਇਆ ਸੀ। 27 ਸਾਲਾਂ ਬਾਅਦ ਉਸ ਤੋਂ ਵੀ ਘੱਟ ਸਕੋਰ ਬਣਾਇਆ ਗਿਆ ਹੈ।

ਦੱਖਣੀ ਅਫਰੀਕਾ ਦੇ ਕਪਤਾਨ ਡੀਨ ਐਲਗਰ ਆਪਣਾ ਆਖਰੀ ਟੈਸਟ ਖੇਡ ਰਹੇ ਹਨ। ਉਨ੍ਹਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਨਿਊਲੈਂਡਸ ਕ੍ਰਿਕਟ ਗਰਾਊਂਡ ਦੀ ਪਿੱਚ ਦਾ ਪੂਰਾ ਫਾਇਦਾ ਉਠਾਇਆ। ਮੁਹੰਮਦ ਸਿਰਾਜ ਨੇ ਏਡਨ ਮਾਰਕਰਮ ਦੀ ਵਿਕਟ ਲੈ ਕੇ ਸ਼ੁਰੂਆਤ ਕੀਤੀ। ਉਸ ਨੇ ਮਾਰਕੋ ਜੈਨਸਨ ਨੂੰ ਆਊਟ ਕਰਕੇ ਆਪਣੀ 6ਵੀਂ ਵਿਕਟ ਲਈ। ਐਲਗਰ ਵੀ ਸਿਰਾਜ ਦਾ ਸ਼ਿਕਾਰ ਹੋ ਗਿਆ।

ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਪਹਿਲੀ ਪਾਰੀ ਵਿਚ ਢਹਿ ਗਈ। ਟੀਮ ਲਈ ਕਾਇਲ ਵੇਰੀਨ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ। ਡੇਵਿਡ ਬੇਡਿੰਘਮ ਨੇ 12 ਦੌੜਾਂ ਬਣਾਈਆਂ। ਟੀਮ ਇੰਡੀਆ ਦੇ ਖਿਲਾਫ ਇਹ ਅਫਰੀਕਾ ਦਾ ਸਭ ਤੋਂ ਘੱਟ ਟੈਸਟ ਸਕੋਰ ਹੈ। ਇਸ ਤੋਂ ਪਹਿਲਾਂ ਸਭ ਤੋਂ ਘੱਟ ਸਕੋਰ 79 ਦੌੜਾਂ ਸਨ।