ਜਲੰਧਰ, 26 ਸਤੰਬਰ | ਮਹਾਨਗਰ ‘ਚ ਚੋਰੀ ਤੇ ਸਨੈਚਰਜ਼ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਭਾਵੇਂ ਕਿ ਕੁਝ ਸਨੈਚਰਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਟੁੱਟਣ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਪਰ ਇਸ ਦੇ ਬਾਵਜੂਦ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲਿਆਂ ਵਿਚ ਵਾਧਾ ਘੱਟ ਨਹੀਂ ਹੋ ਰਿਹਾ।

ਹਾਲਾਤ ਇਹ ਬਣ ਗਏ ਹਨ ਕਿ ਹੁਣ ਪੁਲਿਸ ਅਧਿਕਾਰੀ ਖੁਦ ਹੀ ਸਨੈਚਰਾਂ ਦਾ ਸ਼ਿਕਾਰ ਹੋ ਗਏ ਹਨ। ਤਾਜ਼ਾ ਮਾਮਲਾ ਕੋਟ ਸਾਦਿਕ ਤੋਂ ਸਾਹਮਣੇ ਆਇਆ ਹੈ, ਜਿੱਥੇ ਸਬ-ਇੰਸਪੈਕਟਰ ਨੂੰ ਘਰ ਦੇ ਬਾਹਰ ਸਨੈਚਰਾਂ ਨੇ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਰਾਜਵੰਤ ਕੌਰ ਕਿਸੇ ਕੰਮ ਲਈ ਐਕਟਿਵਾ ‘ਤੇ ਗਈ ਹੋਈ ਸੀ। ਇਸ ਦੌਰਾਨ ਜਦੋਂ ਉਹ ਘਰ ਦੇ ਬਾਹਰ ਪਹੁੰਚੀ ਤਾਂ ਬਾਈਕ ਸਵਾਰ ਦੋ ਲੁਟੇਰੇ ਉਸ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਸਬ-ਇੰਸਪੈਕਟਰ ਨੇ ਦੱਸਿਆ ਕਿ ਖੋਹ ਕਰਨ ਵਾਲੇ ਉਸ ਦੀ 2.5 ਤੋਂ 3 ਤੋਲੇ ਵਜ਼ਨ ਦੀ ਚੇਨ ਲੈ ਕੇ ਭੱਜ ਗਏ।