ਮਾਨਸਾ, 13 ਦਸੰਬਰ | ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਮਾਨਸਾ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਹੋਈ ਪਰ ਕਿਸੇ ਵੀ ਦੋਸ਼ੀ ‘ਤੇ ਦੋਸ਼ ਆਇਦ ਨਹੀਂ ਹੋਏ ਕਿਉਂਕਿ ਕੋਈ ਵੀ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਇਆ ਪਰ ਦੂਜੇ ਪਾਸੇ ਸਿਰਫ ਮੂਸੇਵਾਲਾ ਦੇ ਪਿਤਾ ਹੀ ਅਦਾਲਤ ‘ਚ ਪੇਸ਼ ਹੋਏ। ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਸੀ ਕਿ ਅੱਜ ਅਦਾਲਤ ‘ਚ ਮੁਲਜ਼ਮਾਂ ‘ਤੇ ਦੋਸ਼ ਆਇਦ ਹੋ ਜਾਣਗੇ। ਅਦਾਲਤ ਵੱਲੋਂ ਅਗਲੀ ਪੇਸ਼ੀ 5 ਜਨਵਰੀ ਨੂੰ ਤੈਅ ਕੀਤੀ ਗਈ ਹੈ।

ਸਿੱਧੂ ਦੇ ਪਿਤਾ ਅੱਜ ਫਿਰ ਨਿਰਾਸ਼ ਨਜ਼ਰ ਆਏ ਕਿਉਂਕਿ ਉਨ੍ਹਾਂ ਨੂੰ ਹਰ ਵਾਰ ਲੱਗਦਾ ਹੈ ਕਿ ਅੱਜ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣਗੇ ਪਰ ਮੁਲਜ਼ਮਾਂ ਖਿਲਾਫ ਹਰ ਵਾਰ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਟਿਕਟ ਦੇਣ ਬਾਰੇ ਦਿੱਤੇ ਬਿਆਨ ਤੋਂ ਅਣਜਾਣਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਬਿਆਨ ਨਹੀਂ ਸੁਣਿਆ, ਉਹ ਪਰਿਵਾਰ ਵਿਚ ਬੈਠ ਕੇ ਇਸ ਬਾਰੇ ਗੱਲਬਾਤ ਕਰਨਗੇ। ਇਸ ਬਾਰੇ ਫੈਸਲਾ ਬਾਅਦ ਵਿਚ ਹੀ ਲਿਆ ਜਾ ਸਕਦਾ ਹੈ।